Punjab-Chandigarh

ਕੋਵਿਡ ਨਾਲ ਨਜਿੱਠਣ ਲਈ ਨਿਜੀ ਉਦਯੋਗਾਂ ਦੀ ਸਹਾਇਤਾ ਅਹਿਮ-ਪ੍ਰਨੀਤ ਕੌਰ

ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਨਿਜੀ ਉਦਯੋਗਾਂ ਵੱਲੋਂ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਨਿਭਾਉਂਦਿਆਂ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਤਹਿਤ ਲੜੀ ਜਾ ਰਹੀ ਜੰਗ ‘ਚ ਆਪਣਾ ਪਾਇਆ ਜਾ ਰਿਹਾ ਯੋਗਦਾਨ ਅਹਿਮ ਹੈ।
ਸ੍ਰੀਮਤੀ ਪ੍ਰਨੀਤ ਕੌਰ ਅੱਜ ਇੱਥੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਆਕਸੀਜਨ ਕੰਨਸਟ੍ਰੇਟਰਜ਼ ਅਤੇ ਈ-ਰਿਕਸ਼ਾ ਸੌਂਪਣ ਮੌਕੇ ਗੱਲਬਾਤ ਕਰ ਰਹੇ ਸਨ। ਦੱਸਣਯੋਗ ਹੈ ਕਿ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਸਤਿੰਦਰ ਸਿੰਘ ਮਰਵਾਹਾ ਦੀ ਪ੍ਰੇਰਣਾ ਨਾਲ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦੇ ਰਾਜਪੁਰਾ ਸਥਿਤ ਪਲਾਂਟ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਏ ਪਰੰਤੂ ਆਕਸੀਜਨ ਦੀ ਲੋੜ ਵਾਲੇ ਮਰੀਜਾਂ ਦੀ ਸਹਾਇਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪਟਿਆਲਾ ‘ਚ ਸਥਾਪਤ ਕੀਤੇ ਗਏ ਆਕਸੀਜਨ ਕੰਨਸਟ੍ਰੇਟਰ ਬੈਂਕ ਲਈ 15 ਕੰਨਸਟ੍ਰੇਟਰਜ਼ ਸੌਂਪੇ ਗਏ।
ਇਸੇ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਅਤੇ ਮਿਸ਼ਨ ਤੰਦਰੁਸਤ ਪੰਜਾਬ ‘ਚ ਆਪਣਾ ਯੋਗਦਾਨ ਪਾਉਂਦਿਆਂ ਪਟਿਆਲਾ ਦੀਆਂ 8 ਲੋੜਵੰਦ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਨਾਲ ਜੋੜਨ ਦੇ ਮਕਸਦ ਨਾਲ ਐਚ.ਯੂ.ਐਲ. ਨੇ 8 ਈ-ਰਿਕਸ਼ਾ ਵੀ ਭੇਟ ਕੀਤੇ। ਇਨ੍ਹਾਂ ਵਿੱਚੋਂ ਦੋ ਈ-ਰਿਕਸ਼ੇ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਪ੍ਰਤਾਪ ਨਗਰ ਦੀ ਰਜਿੰਦਰ ਕੌਰ ਵਿਧਵਾ ਦਵਿੰਦਰ ਕੌਰ ਅਤੇ ਜੀਵਨ ਸਿੰਘ ਨਗਰ ਦੀ ਮੋਨਿਕਾ ਕੁਮਾਰੀ ਵਿਧਵਾ ਸ੍ਰੀਰਾਮਾ ਨੂੰ ਸੌਂਪੇ ਗਏ।
ਸ੍ਰੀਮਤੀ ਪ੍ਰਨੀਤ ਕੌਰ ਨੇ ਇਸ ਮੌਕੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਨਿਜੀ ਭਾਈਵਾਲਾਂ ਨੂੰ ਵੀ ਕੋਵਿਡ ਮਹਾਂਮਾਰੀ ਵਿਰੁੱਧ ਲੜੀ ਜਾ ਰਹੀ ਜੰਗ ‘ਚ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਆਖਿਆ ਸੀ, ਜਿਸ ਤਹਿਤ ਨਿਜੀ ਉਦਯੋਗਿਕ ਇਕਾਈਆਂ ਤੇ ਵਪਾਰਕ ਅਦਾਰਿਆਂ ਨੇ ਇਸ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਸ੍ਰੀਮਤੀ ਪ੍ਰਨੀਤ ਕੌਰ ਨੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਵੱਲੋਂ ਅਰੰਭੇ ਮਿਸ਼ਨ ਹੋਪ ਤਹਿਤ ਆਕਸੀਜਨ ਕੰਨਸਟ੍ਰੇਟਰਜ ਅਤੇ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਲਈ ਈ-ਰਿਕਸ਼ਾ ਦੇਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਿਜੀ ਭਾਈਵਾਲਾਂ ਦੀ ਮਦਦ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੀ ਲਾਗ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਸੰਸਦ ਮੈਂਬਰ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸਥਾਪਤ ਕੀਤੇ ਗਏ ਆਕਸੀਜਨ ਕੰਨਸਟ੍ਰੇਟਰਜ ਬੈਂਕ ‘ਚੋਂ ਕੰਨਸਟ੍ਰੇਟਰਜ ਰਾਜਪੁਰਾ, ਘਨੌਰ, ਸਮਾਣਾ, ਨਾਭਾ, ਭਾਦਸੋਂ, ਪਾਤੜਾਂ ਤੇ ਸ਼ੁਤਰਾਣਾਂ ਦੇ ਹਸਪਤਾਲਾਂ ‘ਚ ਰੱਖੇ ਗਏ ਹਨ ਤਾਂ ਕਿ ਉਥੋਂ ਦੇ ਮਰੀਜਾਂ ਨੂੰ ਇਹ ਸੁਵਿਧਾ ਦਿੱਤੀ ਜਾ ਸਕੇ।
ਇਸ ਮੌਕੇ ਐਚ.ਯੂ.ਐਲ. ਰਾਜਪੁਰਾ ਦੇ ਫੈਕਟਰੀ ਮੈਨੇਜਰ ਸਵਿੰਦਰ ਸਿੰਘ, ਪੁਨੀਤ ਚੌਧਰੀ ਤੇ ਮਿਸ ਮਹਿਮਾ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਭਵਿੱਖ ‘ਚ ਵੀ ਆਪਣੀ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਮੁੱਖ ਮੰਤਰੀ ਤੇ ਸ੍ਰੀਮਤੀ ਪ੍ਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ, ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੇ ਚੇਅਰਮੈਨ ਡਾ. ਸਤਿੰਦਰ ਸਿੰਘ ਮਰਵਾਹਾ, ਰਾਜ ਸੂਚਨਾ ਕਮਿਸ਼ਨਰ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਰਾਜੇਸ਼ ਸ਼ਰਮਾ, ਨਿਜੀ ਸਕੱਤਰ ਬਲਵਿੰਦਰ ਸਿੰਘ, ਕੌਂਸਲਰ ਤੇ ਬਲਾਕ ਪ੍ਰਧਾਨ ਨਰੇਸ਼ ਦੁੱਗਲ ਤੇ ਵਿਜੇ ਕੂਕਾ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਪ੍ਰਦੂਸ਼ਨ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਇੰਜ. ਕਰੁਨੇਸ਼ ਗਰਗ, ਸਿਵਲ ਸਰਜਨ ਡਾ. ਸਤਿੰਦਰ ਸਿੰਘ, ਨੋਡਲ ਡਰਗ ਅਥਾਰਟੀ ਨਵਜੋਤ ਕੌਰ ਵੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button