Punjab-Chandigarh

*ਕੋਰੋਨਾ ਸਬੰਧੀ ਪਟਿਆਲਾ ਪੁਲਿਸ ਵੱਲੋਂ ਚਲਾਈ ਮੁਹਿੰਮ ਬਣੀ ਲੋਕ ਲਹਿਰ

ਪਟਿਆਲਾ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿੱਚ ਕਰੋਨਾ ਮਰੀਜਾਂ ਦੇ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਵਧਦੇ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਲੋਕਾਂ ਨੂੰ ਮਿਸ਼ਨ ਫ਼ਤਹਿ ਤਹਿਤ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਲਈ ਲੋਕ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ।
ਐਸ.ਐਸ.ਪੀ. ਪਟਿਆਲਾ ਵਿਕਰਮਜੀਤ ਦੁੱਗਲ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਵਿੱਚ 304 ਕੋਵਿਡ ਪੋਜ਼ਟਿਵ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਜ਼ਿਲ੍ਹਾ ਵਿੱਚ ਕੁੱਲ 2879 ਕੋਵਿਡ ਕੇਸ ਐਕਟਿਵ ਹਨ। ਕਰੋਨਾ ਦੇ ਵਧਦੇ ਮਾਮਲਿਆਂ ਸਬੰਧੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਨੂੰ ਲਾਗੂ ਕਰਵਾਉਣ ਲਈ ਪਟਿਆਲਾ ਪੁਲਿਸ ਵੱਲੋਂ ਕਮਰ ਕਸ ਲਈ ਗਈ ਹੈ ਅਤੇ ਇੰਨ ਬਿੰਨ ਪਾਲਣਾ ਕੀਤੀ ਅਤੇ ਕਰਵਾਈ ਜਾ ਰਹੀ ਹੈ ਤਾਂ ਜੋ ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਨੂੰ ਠੱਲ ਪਾਈ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।ਪ੍ਰੰਤੂ ਪਬਲਿਕ ਦੇ ਸਹਿਯੋਗ ਤੋਂ ਬਿਨ੍ਹਾਂ ਕਰਨਾ ਨੂੰ ਹਰਾਉਣਾ ਸੰਭਵ ਨਹੀਂ ਹੈ। ਜਿਸ ਕਰਕੇ ਪਟਿਆਲਾ ਪੁਲਿਸ ਵੱਲੋਂ ਇੱਕ ਨਿਵੇਕਲੀ ਪਹਿਲ ਕਦਮੀ ਕਰਦੇ ਹੋਏ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉਣ ਲਈ ਲੋਕ ਲਹਿਰ ਬਣਾਉਣ ਲਈ ਪਟਿਆਲਾ ਜ਼ਿਲ੍ਹੇ ਦੀਆਂ ਐਨ.ਜੀ.ਓਜ਼ ਅਤੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਐਮ.ਸੀਜ਼ ਨਾਲ ਰਾਬਤਾ ਕਾਇਮ ਕਰਕੇ ਇਹਨਾਂ ਰਾਹੀਂ ਆਮ ਪਬਲਿਕ ਤੱਕ ਪਹੁੰਚ ਕਰਕੇ ਇਹਨਾਂ ਨੂੰ ਇਸ ਅੰਦੋਲਨ ਨਾਲ ਜੋੜਿਆ ਜਾ ਰਿਹਾ ਹੈ। ਪਟਿਆਲਾ ਪੁਲਿਸ ਵੱਲੋਂ ਚਲਾਈ ਗਈ ਇਸ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਪਟਿਆਲਾ ਜ਼ਿਲ੍ਹਾ ਦੀਆਂ ਕੁੱਝ ਪੰਚਾਇਤਾਂ ਅਤੇ ਵਾਰਡ ਐਮ.ਸੀ. ਵਲੋਂ ਇਸ ਤੋਂ ਵੀ ਕੁੱਝ ਕਦਮ ਅੱਗੇ ਲੰਘਦੇ ਹੋਏ ਆਪਣੇ ਆਪਣੇ ਇਲਾਕੇ ਵਿੱਚ ਠੀਕਰੀ ਪਹਿਰੇ ਲਾ ਕੇ ਬਿਨ੍ਹਾਂ ਮਾਸਕ ਵਾਲਿਆਂ ਨੂੰ ਆਪਣੇ ਇਲਾਕੇ ਵਿੱਚ ਦਾਖਲ ਨਾ ਹੋਣ ਦੇਣ ਅਤੇ ਖੁਦ ਅਤੇ ਦੂਜਿਆਂ ਨੂੰ ਜਨਤਕ ਥਾਵਾਂ ਤੇ ਮਾਸਕ ਪਾ ਕੇ ਰੱਖਣ ਲਈ ਮਤੇ ਪਾ ਕੇ ਪੁਲਿਸ ਪ੍ਰਸ਼ਾਸਨ ਨੂੰ ਸੌਂਪੇ ਗਏ ਹਨ ਤਾਂ ਜੋ ਇਸ ਬਿਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਜਿਸ ਤਹਿਤ ਹੁਣ ਤੱਕ ਜ਼ਿਲ੍ਹਾ ਪਟਿਆਲਾ ਵਿਖੇ 398 ਪੰਚਾਇਤਾਂ ਅਤੇ 70 ਵਾਰਡ ਐਮ.ਸੀ. ਵੱਲੋਂ ਮਤੇ ਪਾਏ ਗਏ ਹਨ।
ਸਨੌਰ ਦੇ ਵਾਰਡ ਨੰਬਰ ਪੰਜ ਦੇ ਐਮ.ਸੀ. ਕਰਮ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਕਰੋਨਾ ਮਹਾਂਮਾਰੀ ਨੂੰ ਠੱਲ ਪਾਉਣ ਲਈ ਚਲਾਈ ਗਈ ਇਹ ਇੱਕ ਨਿਵੇਕਲੀ ਪਹਿਲ ਹੈ। ਜਿਸ ਨਾਲ ਲੋਕਾਂ ਵਿੱਚ ਕਰੋਨਾ ਮਹਾਂਮਾਰੀ ਸਬੰਧੀ ਜਾਗਰੂਕਤਾ ਵਧੇਗੀ ਅਤੇ ਜਿਸ ਨਾਲ ਕਰੋਨਾ ਦੀ ਮਹਾਂਮਾਰੀ ਸਬੰਧੀ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਠੱਲ ਪਵੇਗੀ।
ਇਸੇ ਤਰ੍ਹਾਂ ਪਿੰਡ ਰੁੜਕੀ ਥਾਣਾ ਘਨੌਰ ਦੀ ਪੰਚਾਇਤ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਈ ਹੈ ਅਤੇ ਕਰੋਨਾ ਦੀ ਮਹਾਂਮਾਰੀ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਹੋਏ, ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵੱਧ ਤੋਂ ਵੱਧ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਮਤਾ ਵੀ ਪਾਇਆ ਹੈ ਕਿ ਸਾਰੇ ਪਿੰਡ ਵਾਸੀ ਮਾਸਕ ਪਾ ਕੇ ਰੱਖਣਗੇ ਅਤੇ ਬਿਨ੍ਹਾਂ ਮਾਸਕ ਤੋਂ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਪਿੰਡ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਸ਼੍ਰੀ ਦੁੱਗਲ ਵੱਲੋਂ ਇਸ ਉਪਰਾਲੇ ਲਈ ਅੱਗੇ ਆਈਆਂ ਸਮੂਹ ਪੰਚਾਇਤਾਂ, ਐਨ.ਜੀ.ਓਜ਼, ਵਾਰਡ ਐਮਸੀਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਈ ਵੀ ਉਪਰਾਲਾ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਉਹਨਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਦੀ ਚੰਗੀ ਸਿਹਤ ਕਾਮਨਾ ਕਰਦੇ ਹੋਏ ਕੋਵਿਡ ਸਬੰਧੀ ਜਾਰੀ ਹੋਈਆਂ ਨਵੀਆਂ ਹਦਾਇਤਾਂ ਜੋ ਮਿਤੀ 30 ਅਪ੍ਰੈਲ 2021 ਤੱਕ ਲਾਗੂ ਰਹਿਣਗੀਆਂ, ਜਿਸ ਵਿੱਚ ਸਾਰੇ ਸਿਨੇਮਾ ਹਾਲ, ਬਾਰ ਰੈਸਟੋਰੈਂਟ, ਜਿੰਮ, ਕੋਚਿੰਗ ਸੈਂਟਰ ਬੰਦ ਕੀਤੇ ਗਏ ਹਨ।ਵਿਆਹ ਸ਼ਾਦੀਾਂ ‘ਤੇ 20 ਵਿਅਕਤੀ ਅਤੇ ਸੰਸਕਾਰ/ਮਰਗਤ ‘ਤੇ 10 ਤੋਂ ਵੱਧ ਵਿਅਕਤੀਆਂ ਦਾ ਇਕੱਠ ਕਰਨ ਦੀ ਮਨਾਹੀ ਹੈ।
ਜੋ ਵਿਅਕਤੀ ਵੱਧ ਭੀੜ ਵਾਲੇ ਕਿਸੇ ਵੀ ਪ੍ਰੋਗਰਾਮ ਨੂੰ ਅਟੈਂਡ ਕਰੇਗਾ ਉਸ ਯ ਕੋਵਿਡ ਟੈਸਟ ਕਰਵਾਉਣ ਅਤੇ 05 ਦਿਨਾਂ ਦਾ ਹੋਮ ਕੁਆਰਨਟਾਈਨ ਹੋਣਾ ਲਾਜ਼ਮੀ ਹੈ।ਰਾਤਰੀ ਕਰਫਿਊ ਰਾਤ 8ਤੋਂ ਸਵੇਰੇ 5 ਵਜੇ ਤੱਕ (ਜ਼ਰੂਰੀ ਸੇਵਾਵਾਂ/ਬੱਸਾਂ, ਟਰੇਨ, ਜਹਾਜਾਂ ਰਾਹੀਂ ਯਾਤਰਾ ਕਰ ਰਹੇ ਯਾਤਰੀਆਂ ਨੂੰ ਛੱਡ ਕੇ), ਟਰਾਂਸਪੋਰਟ, ਬੱਸਾਂ ਅਤੇ ਟੈਕਸੀਆਂ ਨੂੰ 50 ਫੀਸਦੀ ਯਾਤਰੀਆਂ ਨੂੰ ਬਿਠਾਉਣਾ, ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਐਤਵਾਰ ਨੂੰ ਸਭ ਬੰਦ ਰਹਿਣਗੀਆਂ ਬਾਰੇ ਦੱਸਿਆ ਅਤੇ ਆਮ ਪਬਲਿਕ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਬਾਰੇ ਕਿਹਾ ਅਤੇ ਇਹ ਵੀ ਦੱਸਿਆ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਕਰੋਨਾ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਨਹੀਂ ਪਾ ਲਈ ਜਾਂਦੀ।

Spread the love

Leave a Reply

Your email address will not be published. Required fields are marked *

Back to top button