Punjab-Chandigarh

ਜ਼ਿਲ੍ਹਾ ਸੰਗਰੂਰ ‘ਚ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡ ਸਹੂਲਤਾਂ ਵਧਾਈਆਂ ਜਾਣ-ਚੰਦਰ ਗੈਂਦ

ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਜ਼ਿਲ੍ਹਾ ਸੰਗਰੂਰ ‘ਚ ਕੋਵਿਡ ਮਾਮਲਿਆਂ ਦੀ ਸਮੀਖਿਆ ਕਰਦਿਆਂ ਆਦੇਸ਼ ਦਿੱਤੇ ਕਿ ਜ਼ਿਲ੍ਹੇ ‘ਚ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡਾਂ ਦੀ ਸਮਰੱਥਾ ਵਧਾਈ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ‘ਚ ਕੋਵਿਡ ਮਰੀਜਾਂ ਦਾ ਪਤਾ ਲਗਾਉਣ ਲਈ ਸੈਂਪਲਿੰਗ ਹੋਰ ਵਧਾਉਣ ਦੇ ਵੀ ਆਦੇਸ਼ ਦਿੱਤੇ। ਪਟਿਆਲਾ ਡਵੀਜ਼ਨ ਦੇ ਸਾਰੇ ਜ਼ਿਲ੍ਹਿਆਂ ‘ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ੁਰੂ ਕੀਤੀਆਂ ਸਮੀਖਿਆ ਬੈਠਕਾਂ ਦੀ ਲੜੀ ਤਹਿਤ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ, ਏ.ਡੀ.ਸੀ. (ਜ) ਅਨਮੋਲ ਸਿੰਘ ਧਾਲੀਵਾਲ ਅਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਸ੍ਰੀ ਗੈਂਦ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਨੂੰ ਵੀ ਹੋਰ ਤੇਜ ਕੀਤਾ ਜਾਵੇ। ਡਵੀਜ਼ਨ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦੀ ਮੌਜੂਦਾ ਪ੍ਰਭਾਵਸ਼ਾਲੀ ਲਹਿਰ ਦੇ ਮੱਦੇਨਜ਼ਰ ਭਾਵੇਂ ਕਿ ਸਾਰੇ ਮੁਲਕ ‘ਚ ਹੀ ਡਾਕਟਰਾਂ ਤੇ ਸਿਹਤ ਅਮਲੇ ਦੀ ਕਮੀ ਦਰਪੇਸ਼ ਹੈ ਜਿਸ ਲਈ ਜ਼ਿਲ੍ਹਾ ਸੰਗਰੂਰ ‘ਚ ਨਰਸਿੰਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਵੀ ਸਿਖਲਾਈ ਦੇ ਕੇ ਉਨ੍ਹਾਂ ਦੀਆਂ ਵੀ ਸੇਵਾਵਾਂ ਲਈਆਂ ਜਾਣ। ਡਿਪਟੀ ਕਮਿਸ਼ਨਰ ਨੂੰ ਗੰਭੀਰ ਮਰੀਜਾਂ ਲਈ ਆਕਸੀਜਨ ਦੀ ਉਪਲਬੱਧਤਾ ਸਬੰਧੀਂ ਮੋਨੀਟਰਿੰਗ ਦੇ ਨਿਰਦੇਸ਼ ਦਿੰਦਿਆਂ ਸ੍ਰੀ ਗੈਂਦ ਨੇ ਕਿਹਾ ਕਿ ਅੱਜ ਮੁੱਲ ਮਿਲਦੀ ਆਕਸੀਜਨ ਨੇ ਸਾਨੂੰ ਦਰਖਤਾਂ ਦੀ ਸਾਰਥਿਕਤਾ ਤੋਂ ਵੀ ਜਾਣੂ ਕਰਵਾ ਦਿੱਤਾ ਹੈ, ਇਸੇ ਲਈ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਗੰਨ ਲਾਇਸੰਸ ਬਦਲੇ 10 ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਸੀ। ਇਸ ਲਈ ਸਾਨੂੰ ਮੌਜੂਦਾ ਗੰਭੀਰ ਹਾਲਤ ਤੋਂ ਜਰੂਰ ਕੁਝ ਸਿਖਣਾ ਚਾਹੀਦਾ ਹੈ ਤੇ ਬੂਟੇ ਲਗਾਉਣ ਨੂੰ ਮਿਸ਼ਨ ਬਣਾਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ‘ਚ ਸਰਕਾਰੀ ਹਸਪਤਾਲਾਂ ‘ਚ 128 ਲੈਵਲ-2 ਬੈਡਜ ਉਪਲਬਧ ਹਨ, ਜਿਨ੍ਹਾਂ ‘ਚੋਂ 39 ਭਰੇ ਹੋਏ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ‘ਚ 28 ਬੈਡਜ ਉਪਲਬਧ ਹਨ ਤੇ 18 ਭਰੇ ਹੋਏ ਹਨ। ਇਸ ‘ਤੇ ਸ੍ਰੀ ਗੈਂਦ ਨੇ ਬੈਡ ਸਹੂਲਤਾਂ ਹੋਰ ਵਧਾਉਣ ਲਈ ਕਿਹਾ। ਸ੍ਰੀ ਰਾਮਵੀਰ ਨੇ ਹੋਰ ਦੱਸਿਆ ਕਿ ਜ਼ਿਲ੍ਹੇ ‘ਚ ਹੁਣ ਤੱਕ ਕੁਲ 86410 ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾ ਲਗਾਇਆ ਗਿਆ ਹੈ, 6809 ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ, ਜ਼ਿਲ੍ਹੇ ‘ਚ ਸੁਸਤ ਟੀਕਾਕਰਨ ਦਾ ਨੋਟਿਸ ਲੈਂਦਿਆਂ ਸ੍ਰੀ ਚੰਦਰ ਗੈਂਦ ਨੇ ਆਦੇਸ਼ ਦਿੱਤੇ ਕਿ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਨੂੰ ਗੰਭੀਰਤਾ ਨਾਲ ਲੈਂਦਿਆਂ ਵੈਕਸੀਨੇਸ਼ਨ ‘ਚ ਤੇਜੀ ਲਿਆਂਦੀ ਜਾਵੇ। ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਨੇ ਕਿਹਾ ਜ਼ਿਲ੍ਹਾ ਸੰਗਰੂਰ ‘ਚ 3 ਲੱਖ 25 ਹਜਾਰ 956 ਸੈਂਪਲ ਲਏ ਗਏ ਸਨ, ਜਿਸ ‘ਚੋਂ 7739 ਪਾਜਿਟਿਵ ਮਾਮਲੇ ਸਾਹਮਣੇ ਆਏ ਸਨ, ਇਸ ਤਰ੍ਹਾਂ ਪਾਜਿਟਿਵ ਆਉਣ ਦੀ ਦਰ 2.3 ਫੀਸਦੀ ਬਣਦੀ ਹੈ। ਇਨ੍ਹਾਂ ‘ਚੋਂ ਇਸ ਸਮੇਂ 1173 ਐਕਟਿਵ ਕੇਸ ਹਨ ਅਤੇ ਜਿਲ੍ਹੇ ‘ਚ 293 ਮੌਤਾਂ ਹੋ ਚੁੱਕੀਆਂ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਵਿੰਦਰ ਕੌਰ ਵੀ ਮੌਜੂਦ ਸਨ। ਸ੍ਰੀ ਚੰਦਰ ਗੈਂਦ ਨੇ ਜ਼ਿਲ੍ਹਾਂ ਸੰਗਰੂਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਕੇ ਆਪਣਾ ਸਹਿਯੋਗ ਦੇਣ।

Related Articles

Leave a Reply

Your email address will not be published. Required fields are marked *

Back to top button