Punjab-Chandigarh

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮਾਂਤਰੀ ਵੈਬੀਨਾਰ ਸੰਪੰਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਪਟਿਆਲਾ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮਾਂਤਰੀ ਵੈਬੀਨਾਰ ਸੰਪੰਨ
‘ਸ੍ਰੀ ਗੁਰੂ ਤੇਗ਼ ਬਹਾਦਰ : ਜੀਵਨ ਅਤੇ ਦੇਣ’ ਵਿਸ਼ੇ ‘ਤੇ ਵਿਦਵਾਨਾਂ ਨੇ ਪੜੇ ਪਰਚੇ
-ਗੁਰੂ ਤੇਗ਼ ਬਹਾਦਰ ਜੀ ਦੇ ਸ਼ਹਾਦਤ ਮਾਨਵਤਾ ਅਤੇ ਲੋਕ ਹਿੱਤਾਂ ਦੀ ਰਾਖੀ ਦਾ ਪ੍ਰਤੀਕ : ਡਾ. ਜਸਪਾਲ ਕੌਰ ਕੰਗ
-ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਅਦੁੱਤੀ ਮਿਸਾਲ ਦਿੱਤੀ : ਡਾ. ਦਲਜੀਤ ਸਿੰਘ
ਪਟਿਆਲਾ, 28 ਫਰਵਰੀ:


ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਕੌਮਾਂਤਰੀ ਵੈਬੀਨਾਰ ਅੱਜ ਸੰਪੰਨ ਹੋ ਗਿਆ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਸ੍ਰੀਮਤੀ ਰਵਨੀਤ ਕੌਰ ਦੀ ਸਰਪ੍ਰਸਤੀ ਹੇਠ ਯੂਨੀਵਰਸਿਟੀ ਦੇ ਪੰਜਾਬ ਇਤਿਹਾਸ ਅਧਿਐਨ ਵਿਭਾਗ ਵੱਲੋਂ ‘ਸ੍ਰੀ ਗੁਰੂ ਤੇਗ਼ ਬਹਾਦਰ : ਜੀਵਨ ਅਤੇ ਵਿਰਾਸਤ’ ਦੇ ਵਿਸ਼ੇ ‘ਤੇ ਆਯੋਜਿਤ ਇਸ ਤਿੰਨ ਰੋਜ਼ਾ ਕੌਮਾਂਤਰੀ ਵੈਬੀਨਾਰ ਦੇ ਅੰਤਲੇ ਦਿਨ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਕੰਗ ਨੇ ਕੁੰਜੀਵਤ ਭਾਸ਼ਣ ਦਿੱਤਾ।
ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਪ੍ਰਮੁੱਖ ਬੁਲਾਰੇ ਅਤੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਿਆਂ ਵੈਬੀਨਾਰ ਦੇ ਵਿਸ਼ੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦੇ ਕੇ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਅਦੁੱਤੀ ਮਿਸਾਲ ਦਿੱਤੀ ਅਤੇ ਭਾਰਤੀ ਸਭਿਆਚਾਰ, ਰਾਸ਼ਟਰੀ ਏਕਤਾ ਅਤੇ ਵੰਨ-ਸੁਵੰਨਤਾ ਨੂੰ ਬਚਾਇਆ।
ਵੈਬੀਨਾਰ ਦੇ ਤੀਸਰੇ ਦਿਨ ਪੰਜਾਬ ਯੂਨੀਵਰਸਿਟੀ ਦੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਦੇ ਮੁਖੀ ਡਾ. ਜਸਪਾਲ ਕੌਰ ਕੰਗ ਨੇ ਪ੍ਰਮੁੱਖ ਬੁਲਾਰੇ ਦੇ ਤੌਰ ਤੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਨਿਰਭੈਤਾ ਅਤੇ ਸੂਰਬੀਰਤਾ ਦਾ ਇਤਿਹਾਸ ਸਿਰਜਿਆ ਹੈ ਜੋ ਕਿ ਮਾਨਵਤਾ ਅਤੇ ਲੋਕ-ਹਿੱਤਾਂ ਦੀ ਰਾਖੀ ਦਾ ਪ੍ਰਤੀਕ ਹੈ। ਗੁਰੂ ਸਾਹਿਬ ਨੇ ਸਿੱਖ ਗੁਰੂਆਂ ਦੇ ਭਗਤੀ-ਸ਼ਕਤੀ, ਸ਼ਕਤੀ-ਸ਼ਾਸਤਰ ਅਤੇ ਮੀਰੀ-ਪੀਰੀ ਦੇ ਸਿਧਾਂਤਾਂ ਨੂੰ ਗਤੀਸ਼ੀਲਤਾ ਦਿੱਤੀ, ਗੁਰੂ ਸਾਹਿਬ ਦੀ ਬਾਣੀ ਵਿੱਚ ਸਾਰਥਕ ਵੈਰਾਗ ਹੈ ਜੋ ਕਿ ਮਨੁੱਖ ਨੂੰ ਕਰਮਸ਼ੀਲਤਾ ਵੱਲ ਲੈ ਕੇ ਜਾਂਦਾ ਹੈ। ਮੋਹ-ਮਾਇਆ ਦੇ ਤਿਆਗ ਨਾਲ ਨਿਰਲੇਪਤਾ ਦਾ ਮਾਰਗ ਗ੍ਰਹਿਣ ਕਰਕੇ ਵੈਰਾਗ ਸਮਾਜਿਕ ਚੇਤਨਤਾ ਅਤੇ ਇਨਕਲਾਬ ਲਿਆਉਣ ਦਾ ਪ੍ਰਤੀਕ ਹੈ, ਗੁਰੂ ਸਾਹਿਬ ਦੀ ਬਾਣੀ ਆਤਮਿਕ ਬਲ ਦੀ ਪ੍ਰਾਪਤੀ ਉੱਤੇ ਸਭ ਤੋਂ ਵੱਧ ਜੋਰ ਦਿੰਦੀ ਹੈ।
ਪੰਜਾਬ ਇਤਿਹਾਸ ਅਧਿਐਨ ਵਿਭਾਗ ਤੋਂ ਡਾ. ਬਲਵਿੰਦਰਜੀਤ ਕੌਰ ਭੱਟੀ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਬਾਣੀ ਜੀਵਨ-ਜਾਂਚ ਅਤੇ ਪ੍ਰਭੂ ਦੇ ਨਾਮ-ਸਿਮਰਨ ਦੀ ਜਾਂਚ ਦੱਸਦੀ ਹੈ।

Related Articles

Leave a Reply

Your email address will not be published. Required fields are marked *

Back to top button