Punjab-Chandigarh

ਸੁਖਬੀਰ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਚੇਤੇ ਕਰਨ ਸੁਨੀਲ ਜਾਖੜ

The Mirror Time |August 07, 2020

ਚੰਡੀਗੜ/ਪਟਿਆਲਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਪਟਿਆਲਾ ਵਿਚ ਲਗਾਇਆ ਧਰਨਾ ਉਸੇ ਤਰਾਂ ਦਾ ਇਕ ਸਵਾਂਗ ਹੈ ਜਿਸ ਤਰਾਂ ਕਿ ਡੇਰਾ ਮੁੱਖੀ ਨੇ ਸਿੱਖ ਮਰਿਆਦਾਵਾਂ ਦਾ ਘਾਣ ਕਰਨ ਲਈ ਡੇਰਾ ਸਲਾਬਤਪੁਰਾ ਵਿਚ ਕੀਤਾ ਸੀ।
ਸੂਬਾ ਕਾਂਗਰਸ ਪ੍ਰਧਾਨ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਧਰਨੇ ਤੇ ਅੱਜ ਉਹੀ ਬੰਦੇ ਬੈਠੇ ਹਨ ਜਿੰਨਾਂ ਦੇ ਰਾਜ ਵਿਚ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕਰਕੇ ਸ਼ਰੇਆਮ ਪੋਸ਼ਟਰ ਲਗਾਏ ਗਏ ਸਨ ਅਤੇ ਜਿੰਨਾਂ ਦੀ ਸਰਕਾਰ ਨੇ ਖੁਦ ਡੇਰਾ ਮੁੱਖੀ ਖਿਲਾਫ ਦਰਜ ਕੀਤਾ ਕੇਸ ਵਾਪਿਸ ਲਿਆ ਸੀ। ਉਨਾਂ ਨੇ ਸਵਾਲ ਕੀਤਾ ਕਿ ਸ: ਸੁਖਬੀਰ ਸਿੰਘ ਬਾਦਲ ਦੱਸਣ ਕਿ ਕੀ ਉਕਤ ਹਿਰਦੇ ਵੰਲੂਧਰਨ ਵਾਲਿਆਂ ਮੰਦਭਾਗੀਆਂ ਘਟਨਾਵਾਂ ਸਮੇਂ ਸ: ਸੁਖਬੀਰ ਸਿੰਘ ਬਾਦਲ ਸੂਬੇ ਦੇ ਉਪ ਮੁੱਖ ਮੰਤਰੀ ਸਨ ਜਾਂ ਨਹੀਂ, ਜਾਂ ਕੀ ਉਨਾਂ ਕੋਲ ਸੂਬੇ ਦੇ ਗ੍ਰਹਿ ਵਿਭਾਗ ਦਾ ਕਾਰਜਭਾਰ ਸੀ ਜਾਂ ਨਹੀਂ ਸੀ ਅਤੇ ਕੀ ਉਨਾਂ ਦੀ ਪਾਰਟੀ ਪੰਥਕ ਪਾਰਟੀ ਹੈ ਸੀ ਜਾਂ ਨਹੀਂ ਸੀ।
ਸ੍ਰੀ ਜਾਖੜ ਨੇ ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਯਾਦ ਕਰਵਾਇਆ ਕਿ ਉਨਾਂ ਦੀ ਸਰਕਾਰ ਦੇ ਸਮੇਂ ਹੀ ਸਲਾਬਤਪੁਰਾ ਵਿਚ ਡੇਰਾ ਮੁੱਖੀ ਨੇ ਪੂਰੇ ਪੰਥ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਅਤੇ ਅਕਾਲੀ ਦਲ ਦੀ ਹੀ ਅਖੌਤੀ ਪੰਥਕ ਸਰਕਾਰ ਨੇ 2012 ਵਿਚ ਡੇਰਾ ਮੁੱਖੀ ਖਿਲਾਫ ਕੇਸ ਵਾਪਿਸ ਲੈ ਲਿਆ ਸੀ। ਫਿਰ ਜਦ 2015 ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਹੋਏ ਤਾਂ ਦੋਸ਼ੀਆਂ ਨੂੰ ਲੱਭ ਕੇ ਕਾਰਵਾਈ ਕਰਨ ਦੀ ਬਜਾਏ ਸ਼ੋ੍ਰਮਣੀ ਅਕਾਲੀ ਦਲ ਦੀ ਇਸੇ ਪੰਥਕ ਸਰਕਾਰ ਨੇ ਇਕ ਵਾਰ ਫਿਰ ਸਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੀਆਂ ਨਿਹੱਥੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਸਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀਆਂ ਏਂਜਸੀਆਂ ਤਾਂ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਬਹੁਤ ਸਾਰੇ ਕੇਸਾਂ ਨੂੰ ਹੱਲ ਕਰਨ ਦੇ ਨੇੜੇ ਪੁੱਜ ਗਈਆਂ ਹਨ ਪਰ ਅੱਜ ਵੀ ਅਕਾਲੀ ਦਲ ਹੀ ਸੀਬੀਆਈ ਰਾਹੀਂ ਉਕਤ ਕੇਸਾਂ ਦੀ ਜਾਂਚ ਵਿਚ ਅੜਿਕੇ ਡਾਹ ਰਿਹਾ ਹੈ। ਉਨਾਂ ਨੇ ਕਿਹਾ ਕਿ ਹੁਣ ਵੀ ਜਿੱਥੇ ਵੀ ਕੋਈ ਮਾੜੀ ਘਟਨਾ ਹੋਵੇਗੀ ਕਾਨੂੰਨ ਸਖ਼ਤੀ ਨਾਲ ਕੰਮ ਕਰੇਗਾ ਪਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਧਰਨਿਆਂ ਦਾ ਸਵਾਂਗ ਕਰਨ ਤੋਂ ਪਹਿਲਾਂ ਆਪਣੇ ਅਤੀਤ ਨੂੰ ਜਰੂਰ ਯਾਦ ਕਰ ਲੈਣ।

Related Articles

Leave a Reply

Your email address will not be published. Required fields are marked *

Back to top button