Punjab-Chandigarh

ਸਿੱਖਿਆ ਵਿਭਾਗ ਦੇ ‘ਪੰਜਾਬ ਅਚੀਵਮੈਂਟ ਸਰਵੇ’ ਲਈ ਜੀ.ਓ.ਜੀ. ਵੀ ਦੇਣਗੇ ਸੇਵਾਵਾਂ

 The Mirror Time |August 08, 2020

ਪਟਿਆਲਾ(ਪੰਜਾਬ)

ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਸਰਬਪੱਖੀ ਕਾਰਗੁਜ਼ਾਰੀ ਜਾਣਨ ਲਈ ਕਰਵਾਏ ਜਾ ਰਹੇ ‘ਪੰਜਾਬ ਅਚੀਵਮੈਂਟ ਸਰਵੇਖਣ’ ਦੀ ਸਫ਼ਲਤਾ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਜੀ.ਓ.ਜੀ. (ਖ਼ੁਸ਼ਹਾਲੀ ਦੇ ਰਾਖੇ) ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਟੀਮ ਨਾਲ ਮੀਟਿੰਗ ਕੀਤੀ, ਜਿਸ ਵਿੱਚ ਜੀ.ਓ.ਜੀਜ਼. ਦੇ ਤਹਿਸੀਲ, ਸਬ-ਤਹਿਸੀਲ ਪੱਧਰ ਦੇ ਮੁਖੀਆਂ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ।


ਇਸ ਆਨਲਾਈਨ ਮੀਟਿੰਗ ਦੌਰਾਨ ਇੰਜ. ਅਮਰਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਪ੍ਰਾਪਤੀ ਸਰਵੇਖਣ (ਪੀ.ਏ.ਐਸ.) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਕੂਲਾਂ ‘ਚ ਦੇਸ਼ ਭਰ ‘ਚ ਸਭ ਤੋਂ ਵਧੇਰੇ ਵਿਦਿਅਕ, ਢਾਂਚਾਗਤ ਤੇ ਸਹੂਲਤਾਂ ਪੱਖੋਂ ਕੰਮ ਹੋ ਰਿਹਾ ਹੈ, ਜਿਸ ਸਦਕਾ ਸਰਕਾਰੀ ਸਕੂਲਾਂ ਦੀ ਹਰ ਪੱਖੋਂ ਤਰੱਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇਸ਼ ਦਾ ਇਕਲੌਤਾ ਰਾਜ ਹੈ, ਜਿੱਥੇ ਸਮਾਰਟ ਸਕੂਲ ਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਵਰਗੀਆਂ ਮੁਹਿੰਮਾਂ ਸਫਲਤਾਪੂਰਵਕ ਚੱਲ ਰਹੀਆਂ ਹਨ, ਇਸ ਕਰਕੇ ਨੈਸ਼ਨਲ ਅਚੀਵਮੈਂਟ ਸਰਵੇ ‘ਚ ਪੰਜਾਬ ਦੇ ਸਕੂਲਾਂ ਦੀ ਸੌ ਫ਼ੀਸਦੀ ਕਾਰਗੁਜ਼ਾਰੀ ਦਰਸਾਉਣ ਲਈ ਅਧਿਆਪਕਾਂ, ਬੱਚਿਆਂ, ਮਾਪਿਆਂ ਤੇ ਸਮਾਜ ਦੇ ਮੁਹਤਬਰ ਸੱਜਣਾਂ ਨੂੰ ਤਿਆਰੀ ਕਰਵਾਉਣ ਹਿਤ ਪੰਜਾਬ ਅਚੀਵਮੈਂਟ ਸਰਵੇ ਕਰਵਾਇਆ ਜਾ ਰਿਹਾ ਹੈ। ਇੰਜ. ਅਮਰਜੀਤ ਸਿੰਘ ਨੇ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ ਤੇ ਉਨ੍ਹਾਂ ਦੀ ਪੂਰੀ ਟੀਮ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਦੀ ਦਾਖਲਾ ਮੁਹਿੰਮ ‘ਚ ਵੀ ਜੀ.ਓ.ਜੀਜ਼. ਨੇ ਬਹੁਤ ਯੋਗਦਾਨ ਪਾਇਆ ਸੀ।
ਇਸ ਮੌਕੇ ਬ੍ਰਿਗੇਡੀਅਰ ਦਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਜੀ.ਓ.ਜੀ. ਪੰਜਾਬ ਸਰਕਾਰ ਦੀ ਹਰੇਕ ਯੋਜਨਾ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਲਾਗੂ ਕਰਵਾਉਣ ਤੇ ਲੋਕਾਂ ਤੱਕ ਪਹੁੰਚਾਉਣ ਲਈ ਕਾਰਜਸ਼ੀਲ ਹਨ। ਇਸੇ ਲੜੀ ‘ਚ ਹੀ ਰਾਜ ਦੇ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਜੋ ਵੀ ਰਾਜ ਸਰਕਾਰ ਦੀ ਯੋਜਨਾ ਹੋਵੇਗੀ, ਉਸ ਨੂੰ ਉਨ੍ਹਾਂ ਦਾ ਵਿਭਾਗ ਵੱਧ-ਚੜ੍ਹ ਕੇ ਲੋਕਾਂ ਤੱਕ ਪਹੁੰਚਾ ਰਿਹਾ ਹੈ। ਬ੍ਰਿਗੇਡੀਅਰ ਗਰੇਵਾਲ ਨੇ ਕਿਹਾ ਕਿ ਪੰਜਾਬ ਅਚੀਵਮੈਂਟ ਸਰਵੇਖਣ ਸਬੰਧੀ ਪੰਚਾਇਤਾਂ, ਮਾਪਿਆਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੀ ਟੀਮ ਪੂਰਾ ਸਹਿਯੋਗ ਦੇਵੇਗੀ। ਇਸ ਮੀਟਿੰਗ ‘ਚ ਜੀ.ਓ.ਜੀ. ਦੇ ਤਹਿਸੀਲ ਤੇ ਸਬ-ਤਹਿਸੀਲ ਪੱਧਰ ਦੇ ਅਧਿਕਾਰੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਮਨਵਿੰਦਰ ਕੌਰ ਭੁੱਲਰ ਤੇ ਮਧੂ ਬਰੂਆ, ਬਲਾਕ ਸਿੱਖਿਆ ਅਫ਼ਸਰ ਤੇ ਹੋਰ ਕਰਮਚਾਰੀ ਵੀ ਸ਼ਾਮਲ ਸਨ।

Related Articles

Leave a Reply

Your email address will not be published. Required fields are marked *

Back to top button