Punjab-Chandigarh

ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਸਾਡਾ ਸਭ ਦਾ ਫ਼ਰਜ਼ : ਧਰਮਸੋਤ

  The Mirror Time | November 09, 2020  

ਪਟਿਆਲਾ
ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਖ਼ਜ਼ਾਨੇ ਨੂੰ ਸੰਭਾਲਣ ‘ਚ ਭਾਸ਼ਾ ਵਿਭਾਗ ਵੱਲੋਂ ਪਾਏ ਗਏ ਯੋਗਦਾਨ ਨੂੰ ਅਹਿਮ ਦੱਸਿਆ ਹੈ।

ਸ. ਧਰਮਸੋਤ ਇੱਥੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਵਿਭਾਗ ਵੱਲੋਂ ਪੰਜਾਬੀ ਹਫ਼ਤੇ ਦੌਰਾਨ ਮਰਹੂਮ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਸਾਹਿਤਕਾਰ ਡਾ. ਜਸਵਿੰਦਰ ਸਿੰਘ ਨੇ ਕੀਤੀ।
ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਵੀ ਤੇ ਵਿਦਵਾਨ ਦੇਸ਼ ਦਾ ਅਨਮੋਲ ਖ਼ਜ਼ਾਨਾ ਹੁੰਦੇ ਹਨ ਕਿਉਂ ਜੋ ਉਨ੍ਹਾਂ ਦੀ ਕਲਮ ਸਮੇਂ ਦੇ ਹਾਲਾਤ ਨੂੰ ਹਮੇਸ਼ਾ ਲਈ ਅਮਰ ਕਰਨ ਦੀ ਸ਼ਕਤੀ ਰੱਖਦੀ ਹੈ ਅਤੇ ਉਨ੍ਹਾਂ ਦੀਆਂ ਲਿਖ਼ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਉਨ੍ਹਾਂ8 ਅੰਮ੍ਰਿਤਾ ਪ੍ਰੀਤਮ ਵੱਲੋਂ ਔਰਤਾਂ ਦੇ ਹੱਕ ‘ਚ ਉਠਾਈ ਆਵਾਜ਼ ਦਾ ਜ਼ਿਕਰ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਉਸ ਸਮੇਂ ਆਪਣੀ ਆਵਾਜ਼ ਬੁਲੰਦ ਕੀਤੀ ਗਈ ਜਦ ਔਰਤ ਨੂੰ ਘਰ ਦੀ ਚਾਰ ਦੀਵਾਰੀ ਤੱਕ ਹੀ ਸੀਮਤ ਕੀਤਾ ਹੋਇਆ ਸੀ, ਉਸ ਦੀ ਕਲਮ ਸਦਕਾ ਹੀ ਅੱਜ ਔਰਤ ਨੂੰ ਸਮਾਜ ਵਿੱਚ ਬਣਦਾ ਮਾਣ-ਸਨਮਾਨ ਪ੍ਰਾਪਤ ਹੋਇਆ ਹੈ।
ਸ. ਧਰਮਸੋਤ ਨੇ ਭਾਸ਼ਾ ਵਿਭਾਗ ਵੱਲੋਂ ਕੀਤੇ ਜਾ ਰਹੇ ਇਸ ਉਦਮ ਦੀ ਸ਼ਲਾਘਾ ਕਰਦਿਆ ਕਿਹਾ ਕਿ ਭਾਵੇਂ ਅੱਜ ਸਾਨੂੰ ਹੋਰਨਾਂ ਭਾਸ਼ਾਵਾਂ ਨੂੰ ਵੀ ਸਿੱਖਣ ਦੀ ਜ਼ਰੂਰਤ ਹੈ ਪਰ ਆਪਣੀ ਮਾਂ ਬੋਲੀ ਨੂੰ ਵਿਸਾਰਕੇ ਜੇਕਰ ਅਸੀਂ ਹੋਰਨਾਂ ਭਾਸ਼ਾ ਨੂੰ ਤਰਜੀਹ ਦੇਵਾਂਗੇ ਤਾਂ ਅਸੀਂ ਸਫਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਜਿਸ ਅਪਣੱਤ ਨਾਲ ਅਸੀਂ ਆਪਣੀ ਮਾਂ ਬੋਲੀ ‘ਚ ਕਿਸੇ ਨਾਲ ਗੱਲ ਕਰ ਸਕਦੇ ਹਾਂ, ਉਹ ਹੋਰ ਭਾਸ਼ਾ ‘ਚ ਸੰਭਵ ਨਹੀਂ ਹੈ, ਇਸ ਲਈ ਆਪਣੀ ਮਾਂ ਬੋਲੀ ਨੂੰ ਬਣਦਾ ਮਾਣ-ਸਨਮਾਨ ਦੇਣਾ ਸਾਡਾ ਨੈਤਿਕ ਫ਼ਰਜ਼ ਹੈ। ਇਸ ਮੌਕੇ ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦੀ ਪ੍ਰਦਰਸ਼ਨੀ ਦਾ ਵੀ ਜਾਇਜ਼ਾ ਲਿਆ।
ਇਸ ਤੋਂ ਪਹਿਲਾਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਨੇ ਸ. ਧਰਮਸੋਤ ਦਾ ਸਵਾਗਤ ਕਰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਨੇ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 30 ਕਿਤਾਬਾਂ ਛਪਵਾਈਆਂ ਤੇ ਇਸ ਸਾਲ 50 ਕਿਤਾਬਾਂ ਛਪਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਹਫ਼ਤੇ ਦੌਰਾਨ ਵਿਭਾਗ ਵੱਲੋਂ ਲਗਾਤਾਰ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਤਹਿਤ ਪਟਿਆਲਾ ਵਿਖੇ 1 ਨਵੰਬਰ ਨੂੰ ਸੈਮੀਨਾਰ, 6 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਨਾਟਕ, ਅੱਜ ਕਵੀ ਦਰਬਾਰ, 12 ਨਵੰਬਰ ਨੂੰ ਭਾਸ਼ਾ ਵਿਭਾਗ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਰਪਿਤ ਗੋਸ਼ਟੀ, 17 ਨਵੰਬਰ ਨੂੰ ਭਗਤ ਨਾਮਦੇਵ ਜੀ ਦੇ 750 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਗੋਸ਼ਟੀ, ਫ਼ਤਿਹਗੜ੍ਹ ਚੂੜੀਆਂ ਗੁਰਦਾਸਪੁਰ ਵਿਖੇ ਕਰਵਾਈ ਜਾਵੇਗੀ, 23 ਨਵੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 300 ਸਾਲਾ ਪ੍ਰਕਾਸ਼ ਪੁਰਬ ਨੂੰ ਸਮਪਿਤ ਬੀਰਰਸ ਕਵੀ ਦਰਬਾਰ ਸ੍ਰੀ ਫ਼ਤਿਗੜ੍ਹ ਸਾਹਿਬ ਵਿਖੇ ਅਤੇ 27 ਨਵੰਬਰ ਨੂੰ ਪਟਿਆਲਾ ਦੇ ਭਾਸ਼ਾ ਭਵਨ ਵਿਖੇ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਸ. ਸਾਧੂ ਸਿੰਘ ਧਰਮਸੋਤ ਦਾ ਸਨਮਾਨ ਵੀ ਕੀਤਾ ਗਿਆ।
ਪੰਜਾਬ ਸਪਤਾਹ ਮੌਕੇ ਕਰਵਾਏ ਕਵੀ ਦਰਬਾਰ ਦੌਰਾਨ ਡਾ. ਅਰਵਿੰਦਰ ਕੌਰ ਕਾਕੜਾ ਨੇ ਅੰਮ੍ਰਿਤਾ ਪ੍ਰੀਤਮ ਦੇ ਜੀਵਨ ‘ਤੇ ਝਾਤ ਪਾਉਂਦਿਆਂ ਉਨ੍ਹਾਂ ਵੱਲੋਂ ਆਪਣੀਆਂ ਕਵਿਤਾਵਾਂ ਰਾਹੀਂ ਔਰਤ ਦੀ ਦਸ਼ਾ ਦੇ ਕੀਤੇ ਗਏ ਚਿਤਰਣ ਦਾ ਵਰਣਨ ਕੀਤਾ ਗਿਆ। ਕਵੀ ਦਰਬਾਰ ‘ਚ ਸ਼੍ਰੋਮਣੀ ਸਾਹਿਤਕਾਰ ਦਰਸ਼ਨ ਸਿੰਘ ਬੁੱਟਰ ਸਮੇਤ ਧਰਮ ਕੰਮੇਆਣਾ, ਅੰਮ੍ਰਿਤਪਾਲ ਸਿੰਘ ਸ਼ੈਦਾ, ਮਹਿਕ ਭਾਰਤੀ, ਸਰਬਜੀਤ ਕੌਰ ਜੱਸ, ਬਲਵਿੰਦਰ ਸੰਧੂ, ਗੁਰਮੀਤ ਸਿੰਘ, ਮੈਡਮ ਸੰਦੀਪ, ਪਰਮਿੰਦਰ ਕੌਰ, ਜੀ.ਐਸ. ਆਨੰਦ, ਮਨਜੀਤ ਇੰਦਰਾ, ਜਗਮੀਤ ਕੌਰ, ਸੁਰਿੰਦਰ ਕੌਰ ਬਾਹੜਾ, ਵਿਜੇਤਾ ਭਾਰਦਵਾਜ ਅਤੇ ਕੈਪਟਨ ਚਮਕੌਰ ਸਿੰਘ ਨੇ ਆਪਣੇ ਕਲਾਮ ਰਾਹੀਂ ਸਰੋਤਿਆ ਨੂੰ ਸਰਸ਼ਾਰ ਕੀਤਾ। ਸਮਾਗਮ ‘ਚ ਸ਼੍ਰੋਮਣੀ ਸਾਹਿਤਕਾਰਾਂ ਮਨਮੋਹਨ ਸਿੰਘ ਦਾਊ, ਦਰਸ਼ਨ ਸਿੰਘ ਆਸ਼ਟ, ਸੁਰਜੀਤ ਸਿੰਘ ਭੱਟੀ, ਕੁਲਵੰਤ ਸਿੰਘ ਨਾਰੀਕੇ ਅਤੇ ਸਤਨਾਮ ਸਿੰਘ ਆਦਿ ਸ਼ਾਮਲ ਹੋਏ।

Related Articles

Leave a Reply

Your email address will not be published. Required fields are marked *

Back to top button