Punjab-Chandigarh

ਬਹੁਤਕਨੀਕੀ ਕਾਲਜ ਲੜਕੀਆਂ ਦੇ ਸਟਾਫ਼ ਨੇ ਕੋਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਘਰ-ਘਰ ਜਾਕੇ ਕੀਤਾ ਜਾਗਰੂਕ

 The Mirror Time | September 3, 2020

ਪਟਿਆਲਾ,(ਪੰਜਾਬ )
ਪੰਜਾਬ ਸਰਕਾਰ ਦੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਅਤੇ ਲੋੜੀਂਦੇ ਸੁਰੱਖਿਆ ਮਾਪਦੰਡਾ ਨੂੰ ਅਪਨਾਉਣ ਲਈ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਪਟਿਆਲਾ ਦੇ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ‘ਚ ਅੱਜ 113 ਸਟਾਫ਼ ਮੈਂਬਰਾਂ ਨੇ ਵੱਖ ਵੱਖ ਕਲੋਨੀਆਂ ਅਤੇ ਪਿੰਡਾਂ ਵਿੱਚ ਲੋਕਾਂ ਨੂੰ ਮਾਸਕ ਪਾਉਣ, ਦੋ ਗਜ ਦੀ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਵਾਰ ਵਾਰ ਸਾਬਣ ਨਾਲ ਹੱਥ ਧੋਣ ਲਈ ਪ੍ਰੇਰਿਤ ਕੀਤਾ।


ਮਿਸ਼ਨ ਫ਼ਤਿਹ ਦੇ ਕਾਲਜ ਨੋਡਲ ਅਧਿਕਾਰੀ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਆਰਕੀਟੈਕਚਰ ਐਸੋਸੀਏਸ਼ਨ ਪਟਿਆਲਾ ਦੇ ਜਨਰਲ ਸਕੱਤਰ ਸ੍ਰੀ ਰਾਜਿੰਦਰ ਸੰਧੂ ਵੱਲੋਂ ਸਥਾਨਕ ਲੱਕੜ ਮੰਡੀ ਪਟਿਆਲਾ ਵਿਖੇ ਮਜ਼ਦੂਰਾਂ ਅਤੇ ਟਰੈਕਟਰ ਡਰਾਈਵਰਾਂ ਨੂੰ ਇਕ ਹਜ਼ਾਰ ਮਾਸਕ ਵੰਡੇ ਗਏ ਤਾਂ ਜੋ ਕੋਰੋਨਾ ਮਹਾਂਮਾਰੀ ਸਬੰਧੀ ਬਚਾਅ ਕੀਤਾ ਜਾ ਸਕੇ। ਇਸ ਮੌਕੇ ਪ੍ਰੋਫੈਸਰ ਅੰਟਾਲ ਨੇ ਦੱਸਿਆ ਕਿ ਕਾਲਜ ਦੇ ਸਮੂਹ ਸਟਾਫ਼ ਵੱਲੋਂ ਲੋਕਾਂ ਨੂੰ ਜਿਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਸਬੰਧੀ ਜਾਗਰੂਕ ਕੀਤਾ ਗਿਆ ਉਥੇ ਹੀ ਕੋਰੋਨਾ ਮਹਾਂਮਾਰੀ ਸਬੰਧੀ ਸੋਸ਼ਲ ਮੀਡੀਆ ਉਪਰ ਫੈਲ ਰਹੀਆਂ ਗਲਤ ਅਫ਼ਵਾਹਾਂ ਤੋਂ ਬਚਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ।
ਅਧਿਕਾਰੀਆਂ ਵੱਲੋਂ ਆਮ ਲੋਕਾਂ ਨੂੰ ਇਹ ਵੀ ਸੁਨੇਹਾ ਦਿੱਤਾ ਗਿਆ ਕਿ ਜੇ ਕਿਸੇ ਨੂੰ ਵੀ ਖੰਘ ਜੁਖਾਮ ਜਾਂ ਬੁਖਾਰ ਹੈ ਤਾਂ ਉਨ੍ਹਾਂ ਨੂੰ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਤੋਂ ਕੋਵਿਡ -19 ਸਬੰਧੀ ਟੈਸਟ ਕਰਵਾ ਲੈਣਾ ਚਾਹੀਦਾ ਹੈ। ਜੇਕਰ ਟੈਸਟ ਪਾਜ਼ੀਟਿਵ ਵੀ ਆਉਂਦਾ ਹੈ ਤਾਂ ਪਰਿਵਾਰਕ ਮੈਂਬਰਾਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਉਹ ਵਿਅਕਤੀ ਆਪਣੇ ਘਰ ਜਾਂ ਪਿੰਡ ਵਿੱਚ ਹੀ ਇਕਾਂਤਵਾਸ ਹੋ ਸਕਦੇ ਹਨ। ਇਸ ਸਬੰਧੀ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੋਂ ਬਚ ਕੇ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ।
ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਹੁਣ ਤੱਕ ਕਾਲਜ ਵੱਲੋਂ ਇੱਕ ਹਜ਼ਾਰ ਤੋਂ ਵਧੇਰੇ ਮਾਸਕ ਵੱਖ-ਵੱਖ ਲੇਬਰ ਚੌਂਕਾ ਝੁੱਗੀਆਂ ਟਰੱਕ ਯੂਨੀਅਨ ਅਤੇ ਮੰਡੀਆਂ ਵਿੱਚ ਵੰਡੇ ਜਾ ਚੁੱਕੇ ਹਨ। ਕਾਲਜ ਦੇ ਵਿਦਿਆਰਥੀਆਂ ਨੂੰ ਵੀ ਆਨ ਲਾਇਨ ਕਲਾਸਾਂ ਰਾਹੀਂ ਹਰ ਰੋਜ਼ ਮਿਸ਼ਨ ਫ਼ਹਿਤ ਦੇ ਤਹਿਤ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਆਰਕੀਟੈਕਟ ਰਜਿੰਦਰ ਸੰਧੂ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕਿ ਆਰਕੀਟੈਕਚਰ ਖੇਤਰ ਨਾਲ ਸਬੰਧਤ ਸਮੂਹ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਨਿਪੁੰਨ ਕਾਮਿਆਂ ਅਤੇ ਮਜ਼ਦੂਰਾਂ ਨੂੰ ਮਾਸਕ ਅਤੇ ਸੈਨੇਟਾਈਜਰ ਮੁਹੱਈਆ ਕਰਵਾਏ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button