Punjab-Chandigarh

ਪੰਜਾਬ ਪ੍ਰਾਪਤੀ ਸਰਵੇਖਣ ਲਈ ਸਿੱਖਿਆ ਵਿਭਾਗ ਵੱਲੋਂ ਸਰਗਰਮੀਆਂ ਤੇਜ਼

Punjab (Patiala)

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਸਿੱਖਿਆ ਗੁਣਵੱਤਾ, ਸਹੂਲਤਾਂ ਤੇ ਢਾਂਚੇ ਸਬੰਧੀ ਸਰਵੇਖਣ ਦੀ ਤਿਆਰੀ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ 35 ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਮੁਹਤਬਰ ਵਿਅਕਤੀਆਂ ਨਾਲ ਆਨਲਾਈਨ ਮੀਟਿੰਗ ਕੀਤੀ। ਇਸ ਮੀਟਿੰਗ ਦਾ ਮਕਸਦ ਪੰਜਾਬ ਪ੍ਰਾਪਤੀ ਸਰਵੇਖਣ (ਪੰਜਾਬ ਅਚੀਵਮੈਂਟ ਸਰਵੇ) ‘ਚ ਮਾਪਿਆਂ ਤੇ ਸਮਾਜਿਕ ਭਾਈਵਾਲੀ ਨੂੰ ਸ਼ਾਮਲ ਕਰਨਾ ਸੀ।


ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਰਪੰਚਾਂ ਤੇ ਮੁਹਤਬਰ ਵਿਅਕਤੀਆਂ ਤੋਂ ਉਨ੍ਹਾਂ ਦੇ ਪਿੰਡਾਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀ ਵਿੱਦਿਅਕ ਤੇ ਢਾਂਚਾਗਤ ਸਥਿਤੀ ਬਾਰੇ ਵਿਸਥਾਰ ‘ਚ ਗੱਲਬਾਤ ਕੀਤੀ ਗਈ। ਜਿਸ ਦੌਰਾਨ ਡੀ.ਈ.ਓ. ਨੇ ਸਕੂਲਾਂ ਦੇ ਵਿਕਾਸ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਵਾਸੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ, ਸਰਪੰਚਾਂ, ਦਾਨੀ ਤੇ ਮੁਹਤਬਰ ਵਿਅਕਤੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਤਕਰੀਬਨ 4 ਮਹੀਨੇ ਚੱਲਣ ਵਾਲੇ ਪੰਜਾਬ ਪ੍ਰਾਪਤੀ ਸਰਵੇਖਣ ਦਾ ਮਕਸਦ ਸਰਕਾਰੀ ਸਕੂਲਾਂ ਦੀ ਵਿੱਦਿਅਕ, ਢਾਂਚਾਗਤ ਤੇ ਹੋਰਨਾਂ ਸਹੂਲਤਾਂ ਦੇ ਪੱਖ ਤੋਂ ਪਰਖ ਕਰਨੀ ਹੈ। ਇਸ ਸਰਵੇਖਣ ਦੌਰਾਨ ਜੇਕਰ ਕਿਸੇ ਵੀ ਸਕੂਲ ‘ਚ ਕਿਸੇ ਵੀ ਪੱਖ ਤੋਂ ਕੋਈ ਕਮੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਰਵੇਖਣ ਦਾ ਮਨੋਰਥ ਕੇਂਦਰ ਸਰਕਾਰ ਵੱਲੋਂ ਕੀਤੇ ਜਾਂਦੇ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਿਆਰੀ ਤੋਂ ਪਹਿਲਾ ਸਕੂਲ ਸਿੱਖਿਆ ਵਿਭਾਗ ਵੱਲੋਂ ਸਵੈਮੁਲਾਂਕਣ ਕਰਨਾ ਹੈ। ਜਿਸ ਨਾਲ ਰਾਜ ‘ਚ ਸਕੂਲ ਸਿੱਖਿਆ ਦਾ ਮਿਆਰ ਹੋਰ ਉਚਾ ਹੋਵੇਗਾ।
ਇਸ ਮੌਕੇ ਸਰਪੰਚ ਦਵਿੰਦਰਦੀਪ ਸਿੰਘ ਮੌਲਵੀਵਾਲਾ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੀ ਬਦਲੀ ਹੋਈ ਨੁਹਾਰ ਨੇ ਪਿੰਡਾਂ ਦੀ ਸ਼ੋਭਾ ਵੀ ਵਧਾਈ ਹੈ, ਜਿਸ ਕਾਰਨ ਹਰ ਵਰਗ ਦੇ ਬੱਚਿਆਂ ਦਾ ਸਰਕਾਰੀ ਸਕੂਲਾਂ ਵੱਲ ਝੁਕਾਅ ਹੋਇਆ ਹੈ। ਸ੍ਰੀ ਸੱਤ ਨਰਾਇਣ ਸਰਪੰਚ ਸ਼ੇਰਗੜ੍ਹ ਨੇ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ‘ਚ ਜੋ ਸਹੂਲਤਾਂ ਹਨ, ਉਹ ਹੋਰਨਾਂ ਸਕੂਲਾਂ ‘ਚ ਨਹੀਂ ਮਿਲ ਰਹੀਆਂ। ਜਿਸ ਲਈ ਰਾਜ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਵਧਾਈ ਦਾ ਪਾਤਰ ਹੈ। ਸਰਪੰਚ ਬਲਜੀਤ ਸਿੰਘ ਸੰਤ ਨਗਰ ਮੌਲਵੀਵਾਲਾ ਨੇ ਕਿਹਾ ਕਿ ਅੱਜ ਤੋਂ ਤਿੰਨ ਦਹਾਕੇ ਪਹਿਲਾ ਜਿਸ ਤਰ੍ਹਾਂ ਅਧਿਆਪਕਾਂ ਦਾ ਮਾਪਿਆਂ ‘ਤੇ ਆਮ ਲੋਕਾਂ ਨਾਲ ਸਹਿਚਾਰ ਸੀ, ਉਹੀ ਰਿਸ਼ਤਾ ਅਜੋਕੇ ਦੌਰ ‘ਚ ਮੁੜ ਦੇਖਣ ਨੂੰ ਮਿਲ ਰਿਹਾ ਹੈ। ਜਿਸ ਨਾਲ ਲੋਕਾਂ ਦੇ ਦਿਲਾਂ ‘ਚ ਅਧਿਆਪਕ ਵਰਗ ਦਾ ਸਤਿਕਾਰ ਵਧਿਆ ਹੈ। ਇਸ ਮੌਕੇ ਸਰਪੰਚ ਰਮੇਸ਼ ਕੁਮਾਰ ਨਾਈਵਾਲਾ, ਜਰਨੈਲ ਸਿੰਘ ਸਰਪੰਚ ਤੇ ਬਿੱਕਰ ਸਿੰਘ ਸਰਪੰਚ ਸੇਲਵਾਲਾ ਨੇ ਵੀ ਵਿਚਾਰ ਰੱਖੇ।
ਮੀਟਿੰਗ ‘ਚ ਪ੍ਰਿੰ. ਅਰਚਨਾ ਮਹਾਜਨ ਡਾਈਟ ਨਾਭਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਮਨਵਿੰਦਰ ਕੌਰ ਭੁੱਲਰ ਤੇ ਮਧੂ ਬਰੂਆ, ਬੀ.ਪੀ.ਈ.ਓ. ਮਨੋਜ ਜੋਈਆ ਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਦੇ ਨੁਮਾਇੰਦੇ ਵੀ ਸ਼ਾਮਲ ਸਨ।FacebookTwitterWhatsAppShare

Related Articles

Leave a Reply

Your email address will not be published. Required fields are marked *

Back to top button