Punjab-Chandigarh

ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਰੈਗੂਲਰ ਨਿਯੁਕਤੀ ਦਾ ਵਾਅਦਾ ਮੁੱਖ ਮੰਤਰੀ ਪੰਜਾਬ ਨੇ ਕੀਤਾ ਪੂਰਾ- ਪਰਨੀਤ ਕੌਰ

ਪਟਿਆਲਾ
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਸਮਾਰਟ ਸਕੂਲ ਮੁਹਿੰਮ ਦੇ ਸਮਾਗਮ ਦੌਰਾਨ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ, ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਉਪਰੋਕਤ ਜਾਣਕਾਰੀ ਦਿੰਦਿਆ ਦੱਸਿਆ

ਕਿ ਦੇਸ਼ ਦੇ ਪਹਿਲੇ ਸੂਬੇ ਵਜੋਂ ਪੰਜਾਬ ਸਰਕਾਰ ਵੱਲੋਂ ਨਵੰਬਰ, 2017 ਵਿੱਚ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੱਕੇ ਅਧਿਆਪਕ ਦੇਣ ਲਈ 8393 ਅਸਾਮੀਆਂ ਨੋਟੀਫਾਈ ਕਰਨ ਉਪਰੰਤ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਅਧੀਨ ਜਨਤਕ ਨਿਯੁਕਤੀਆਂ ਤਹਿਤ 1 ਦਸੰਬਰ ਤੋਂ 20 ਦਸੰਬਰ ਤੱਕ ਯੋਗ ਉਮੀਦਵਾਰਾਂ ਪਾਸੋਂ ਆਨਲਾਈਨ ਅਰਜ਼ੀਆਂ ਦੀ ਮੰਗ ਕਰ ਲਈ ਗਈ ਹੈ। ਇਸ ਭਰਤੀ ਦਾ ਇੱਕ ਹੋਰ ਵੱਡਾ ਪੱਖ ਇਹ ਹੈ ਕਿ ਸਿੱਖਿਆ ਵਿਭਾਗ ‘ਚ ਲੰਬੇ ਅਰਸੇ ਤੋਂ ਕਾਰਜਸ਼ੀਲ ਸਿੱਖਿਆ ਪ੍ਰੋਵਾਈਡਰਾਂ, ਐਜੂਕੇਸ਼ਨ ਪ੍ਰੋਵਾਈਡਰਾਂ, ਐਜੂਕੇਸ਼ਨ ਵਲੰਟੀਅਰਾਂ, ਈ.ਜੀ.ਐੱਸ. ਵਲੰਟੀਅਰਾਂ, ਏ.ਆਈ.ਈ. ਵਲੰਟੀਅਰਾਂ ਤੇ ਐੱਸ.ਟੀ.ਆਰ. ਵਲੰਟੀਅਰਾਂ ਨੂੰ ਰੈਗੂਲਰ ਅਧਿਆਪਕ ਬਣਨ ਦਾ ਵੀ ਸੁਨਹਿਰਾ ਮੌਕਾ ਮਿਲ ਗਿਆ ਹੈ। ਐਮ.ਪੀ. ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਤੱਕ ਦੇ ਬੱਚਿਆਂ ਲਈ ਪ੍ਰੀ-ਪ੍ਰਾਇਮਰੀ ਸਿੱਖਿਆ ਤਿੰਨ ਸਾਲ ਪਹਿਲਾ ਆਰੰਭ ਕੀਤੀ ਗਈ ਸੀ, ਜਿਸ ਦੇ ਬਹੁਤ ਹੀ ਸਾਰਥਕ ਨਤੀਜੇ ਸਾਹਮਣੇ ਆਏ ਹਨ। ਜਿਸ ਤਹਿਤ ਪ੍ਰੀ-ਪ੍ਰਾਇਮਰੀ ਸਿੱਖਿਆ ਦੇ ਮਿਆਰ ‘ਚ ਵਾਧਾ ਕਰਨ ਹਿਤ ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਾਲ ਜਿੱਥੇ ਛੋਟੇ ਬੱਚਿਆਂ ਲਈ ਅਧਿਆਪਕਾਂ ਦੀ ਮੰਗ ਕੀਤੀ ਜਾ ਰਹੀ ਸੀ ਉਸ ਨੂੰ ਪੂਰਿਆ ਜਾਵੇਗਾ ਅਤੇ ਨਾਲ ਹੀ ਸਰਕਾਰੀ ਸਕੂਲਾਂ ਵਿੱਚ ਪਹਿਲੀ ਵਾਰ ਪ੍ਰੀ-ਪ੍ਰਾਇਮਰੀ ਦੇ ਪੱਕੇ ਅਧਿਆਪਕ ਭਰਤੀ ਹੋਣਗੇ। ਅਜਿਹਾ ਕਰਨ ਵਾਲਾ ਵੀ ਪੰਜਾਬ ਦਾ ਪਹਿਲਾ ਸੂਬਾ ਬਣ ਜਾਵੇਗਾ।
ਭਰਤੀ ਬੋਰਡ ਡਾਇਰੈਕਟੋਰੇਟ ਵੱਲੋਂ ਜਾਰੀ ਪੱਤਰ ਅਨੁਸਾਰ ਵਿੱਦਿਅਕ ਯੋਗਤਾ ਵਿੱਚ ਬਾਰ੍ਹਵੀਂ ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਵਿੱਚ ਘੱਟ ਤੋਂ ਘੱਟ 45 ਫ਼ੀਸਦੀ ਅੰਕ ਅਤੇ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਜਾਂ ਇਸਦੇ ਬਰਾਬਰ ਦਾ ਕੋਈ ਹੋਰ ਕੋਰਸ ਕੀਤਾ ਹੋਵੇ ਦੇ ਨਾਲ ਦਸਵੀਂ ਵਿੱਚ ਪੰਜਾਬੀ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪ੍ਰੀਖਿਆ ਪਾਸ ਕੀਤੀ ਹੋਵੇ ਨਿਰਧਾਰਿਤ ਕੀਤੀ ਗਈ ਹੈ। ਇਹਨਾਂ ਅਸਾਮੀਆਂ ਲਈ ਉਮਰ ਸੀਮਾ 18 ਤੋਂ 37 ਸਾਲ ਰੱਖੀ ਗਈ ਹੈ ਪਰ ਸਿੱਖਿਆ ਵਿਭਾਗ ਦੇ ਨੋਟੀਫ਼ਿਕੇਸ਼ਨ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰਾਂ, ਐਜੂਕੇਸ਼ਨ ਪ੍ਰੋਵਾਈਡਰਾਂ, ਐਜੂਕੇਸ਼ਨ ਵਲੰਟੀਅਰਾਂ, ਈ.ਜੀ.ਐੱਸ. ਵਲੰਟੀਅਰਾਂ, ਏ.ਆਈ.ਈ. ਵਲੰਟੀਅਰਾਂ, ਐੱਸ.ਟੀ.ਆਰ. ਵਲੰਟੀਅਰਾਂ ਨੂੰ ਉਮਰ ਦੀ ਉਪਰਲੀ ਸੀਮਾ ਵਿੱਚ ਕੀਤੀ ਗਈ ਸੇਵਾ ਦੇ ਬਰਾਬਰ ਛੋਟ ਦਿੱਤੀ ਗਈ ਹੈ। ਤਲਾਕਸ਼ੁਦਾ ਔਰਤਾਂ, ਵਿਧਵਾਵਾਂ, ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਦਿੱਤੀ ਗਈ ਹੈ।

ਕੈਟਾਗਰੀ ਵਾਈਜ਼ ਪੋਸਟਾਂ ਤਹਿਤ 8393 ਪੋਸਟਾਂ ਵਿੱਚੋਂ ਜਨਰਲ 3273, ਅਨੁਸੂਚਿਤ ਜਾਤੀ (ਐੱਮ ਤੇ ਬੀ) 840, ਅਨੁਸੂਚਿਤ ਜਾਤੀ (ਆਰ ਤੇ ਓ) 839, ਅਨੁਸੂਚਿਤ ਜਾਤੀ (ਸਾਬਕਾ ਫ਼ੌਜੀ)(ਐੱਮ, ਤੇ ਬੀ) 168, ਅਨੁਸੂਚਿਤ ਜਾਤੀ (ਸਾਬਕਾ ਫ਼ੌਜੀ)(ਆਰ. ਤੇ ਓ) 168, ਅਨੁਸੂਚਿਤ ਜਾਤੀ (ਖਿਡਾਰੀ)(ਐੱਮ ਤੇ ਬੀ) 42, ਅਨੁਸੂਚਿਤ ਜਾਤੀ (ਖਿਡਾਰੀ)(ਆਰ ਤੇ ਓ) 42, ਪੱਛੜੀਆਂ ਸ਼੍ਰੇਣੀਆਂ 839, ਪੱਛੜੀਆਂ ਸ੍ਰੇਣੀਆਂ (ਸਾਬਕਾ ਫ਼ੌਜੀ) 168, ਖਿਡਾਰੀ (ਜਨਰਲ) 167, ਅਜ਼ਾਦੀ ਘੁਲਾਟੀਏ 84, ਸਾਬਕਾ ਫ਼ੌਜੀ (ਜਨਰਲ) 588, ਅੰਗਹੀਣ ਵਰਗ ਤਹਿਤ ਵੀਜ਼ੂਅਲ ਇੰਪੇਅਰਡ, ਹੀਅਰਿੰਗ ਇੰਪੇਅਰ, ਓਰਥੋਪੈਡੀਕਲੀ ਡਿਸਏਬਲਡ ਅਤੇ ਇੰਟੈਲੈਕਚੁਅਲੀ ਡਿਸਏਬਿਲੀਟੀ ਜਾਂ ਮਲਟੀਪਲ ਡਿਸਏਬਿਲਿਟੀ ਵਰਗਾਂ ਲਈ 84-84, ਜਨਰਲ ਸ੍ਰੇਣੀ ਦੇ ਇਕਨਾਮੀਕਲੀ ਵੀਕਰ ਸ਼ੈਕਸ਼ਨ ਲਈ 839 ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ।

Related Articles

Leave a Reply

Your email address will not be published. Required fields are marked *

Back to top button