ਪਿੰਡਾਂ ‘ਚ ਪੁੱਜੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਕਾਨੂੰਨੀ ਜਾਗਰੂਕਤਾ ਲਈ ਪ੍ਰਚਾਰ ਮੁਹਿੰਮ

ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਪਟਿਆਲਾ ਵੱਲੋਂ ਅਰੰਭੀ ਪ੍ਰਚਾਰ ਮੁਹਿੰਮ ਪਿੰਡਾਂ ‘ਚ ਪੁੱਜਕੇ ਲੋਕਾਂ ਨੂੰ ਬਾਖ਼ੂਬੀ ਜਾਗਰੂਕ ਕਰ ਰਹੀ ਹੈ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ 8 ਤੋਂ 14 ਨਵੰਬਰ ਤੱਕ ਚਲਾਈ ਗਈ ਇਸ ਮੁਹਿੰਮ ਤਹਿਤ ਅੱਜ ਦਦਹੇੜਾ, ਰੱਖੜਾ, ਨਵਾਂ ਰੱਖੜਾ, ਖੇੜੀ ਗੌੜੀਆਂ, ਧਭਲਾਨ, ਮੂੰਡਖੇੜਾ, ਧਰਮਕੋਟ, ਖੇੜੀ ਮਾਨੀਆ, ਉਚਾ ਗਾਉਂ, ਬਲੀਪੁਰ ਤੇ ਦੁਘਾਟ ਆਦਿ ਪਿੰਡਾਂ ‘ਚ ਵੱਖ-ਵੱਖ ਸੈਮੀਨਾਰ ਕਰਵਾਏ ਗਏ।
ਮਿਸ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਰਾਜਿੰਦਰ ਅਗਰਵਾਲ ਦੀ ਅਗਵਾਈ ਹੇਠ ਜਾਗਰੂਕਤਾ ਪ੍ਰਚਾਰ ਵੈਨ ਰਾਹੀਂ ਇਨ੍ਹਾਂ ਪਿੰਡਾਂ ‘ਚ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ 1038 ਪਿੰਡਾਂ ‘ਚ ਕਾਨੂੰਨੀ ਜਾਗਰੂਕਤਾ ਪੈਦਾ ਕਰਨ ਲਈ ਇਸ ਮੁਹਿੰਮ ਤਹਿਤ ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ, ਸਥਾਈ ਲੋਕ ਅਦਾਲਤ, ਟੋਲ ਫਰੀ ਨੰਬਰ 1968, ਮੀਡੀਏਸ਼ਨ ਦੇ ਲਾਭ, ਲੀਗਲ ਸਰਵਿਸ ਐਪ ਅਤੇ 11 ਦਸੰਬਰ 2021 ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਇਸ ਮੌਕੇ ਪੈਰਾ ਲੀਗਲ ਵਲੰਟੀਅਰਾਂ ਸਮੇਤ ਪੈਨਲ ਐਡਵੋਕੇਟ ਗੁਰਪ੍ਰੀਤ ਕੌਰ ਸੇਖੋਂ ਵੀ ਮੌਜੂਦ ਰਹੇ।