Punjab-Chandigarh

ਪਿਛਲੇ ਕੁਝ ਦਿਨਾਂ ਤੋਂ ਕੋਵਿਡ ਪੀੜਤਾਂ ਦੀ ਠੀਕ ਹੋਣ ਦੀ ਦਰ ਵਧੀ ਤੇ ਮੌਤ ਦਰ ਵੀ ਘਟੀ-ਸਿੱਧੂ

The Mirror Time | September 22, 2020
ਪਟਿਆਲਾ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਰਾਜ ਅੰਦਰ ਕੋਵਿਡ ਦੀ ਸਥਿਤੀ ਅੱਗੇ ਨਾਲੋਂ ਸੁਧਾਰ ਆ ਰਿਹਾ ਹੈ, ਜਿਸ ਕਰਕੇ ਪਿਛਲੇ 2 ਦਿਨਾਂ ਤੋਂ ਕੋਵਿਡ ਪੀੜਤਾਂ ਦੇ ਠੀਕ ਹੋਣ ਦੀ ਦਰ ‘ਚ ਵਾਧਾ ਹੋਣ ਦੇ ਨਾਲ-ਨਾਲ ਮੌਤ ਦਰ ‘ਚ ਵੀ ਕਮੀ ਦਰਜ ਕੀਤੀ ਗਈ ਹੈ।
ਸਿਹਤ ਮੰਤਰੀ ਸ. ਸਿੱਧੂ ਅੱਜ ਸਵੇਰੇ ਪਟਿਆਲਾ ਜ਼ਿਲ੍ਹੇ ‘ਚ ਕੋਵਿਡ ਦੀ ਸਥਿਤੀ ਅਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਸਿਵਲ ਸਰਜਨ ਅਤੇ ਹੋਰ ਸੀਨੀਅਰ ਡਾਕਟਰਾਂ ਨਾਲ ਮੀਟਿੰਗ ਕਰਨ ਆਏ ਸਨ।


ਸ. ਬਲਬੀਰ ਸਿੰਘ ਸਿੱਧੂ ਨੇ ਹੋਰ ਕਿਹਾ ਕਿ ਪੰਜਾਬ ‘ਚ ਕੋਵਿਡ ਮਰੀਜਾਂ ਨੂੰ ਵੰਡੀਆਂ ਜਾਣ ਵਾਲੀਆਂ ਕਿੱਟਾਂ, ਜਿਸ ‘ਚ ਔਕਸੀਮੀਟਰ ਅਤੇ ਲੋੜੀਂਦੀਆਂ ਦਵਾਈਆਂ ਆਦਿ ਸ਼ਾਮਲ ਹੋਣਗੀਆਂ, ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ-ਦੋ ਦਿਨਾਂ ਵਿੱਚ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜ ਅੰਦਰ ਆਪਣੇ ਘਰਾਂ ‘ਚ ਇਕਾਂਤਵਾਸ ਕੋਵਿਡ ਮਰੀਜਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਇਹ ਸਾਰੇ ਬਹੁਤ ਤੇਜੀ ਨਾਲ ਸਿਹਤਯਾਬ ਵੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਗੰਭੀਰ ਕੋਵਿਡ ਮਰੀਜਾਂ ਲਈ ਆਕਸੀਜਨ ਦੀ ਲੋੜ ਦੀ ਪੂੂਰਤੀ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਹਸਪਤਾਲਾਂ ‘ਚ ਆਕਸੀਜਨ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਆਸ ਜਤਾਈ ਕਿ ਪੰਜਾਬ ਅੰਦਰ ਕੋਵਿਡ ਦੀ ਸਥਿਤੀ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ ਪਰੰਤੂ ਇਸ ਲਈ ਅਜੇ ਵੀ ਸਮਾਜ ਦੇ ਸਾਰੇ ਵਰਗਾਂ ਨੂੰ ਇਕਜੁਟ ਹੋਕੇ ਹੰਭਲਾ ਮਾਰਨ ਦੀ ਲੋੜ ਹੈ। ਸ. ਸਿੱਧੂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਮੀਡੀਆ ਲੋਕਾਂ ‘ਚ ਕੋਵਿਡ ਪ੍ਰਤੀ ਡਰ ਨੂੰ ਘੱਟ ਕਰਨ ਅਤੇ ਅਫ਼ਵਾਹਾਂ ਨੂੰ ਠੱਲ ਪਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਵੇ। ਉਨ੍ਹਾਂ ਕਿਹਾ ਕਿ ਮੀਡੀਆ ਦੇ ਨਾਲ-ਨਾਲ ਡਾਕਟਰਾਂ, ਪੁਲਿਸ ਸਮੇਤ ਆਮ ਲੋਕਾਂ ਨੂੰ ਵੀ ਇਕਜੁੱਟ ਹੋਣਾ ਪਵੇਗਾ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੁਝ ਪੰਜਾਬ ਵਿਰੋਧੀ ਅਤੇ ਸ਼ਰਾਰਤੀ ਕਿਸਮ ਦੇ ਲੋਕ ਆਮ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕਰਨ ਦੇ ਮਕਸਦ ਨਾਲ ਅਫ਼ਵਾਹਾਂ ਫੈਲਾ ਰਹੇ ਹਨ ਪਰੰਤੂ ਪੰਜਾਬ ਸਰਕਾਰ ਨੇ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੱਛੇ ਸਿਆਸੀ ਪਾਰਟੀਆਂ ਦਾ ਵੀ ਹੱਥ ਸੀ ਅਤੇ ਜਾਂਚ ਤੋਂ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਤੋਂ ਇੱਕ ਸੀਨੀਅਰ ਆਗੂ ਦਾ ਵੀ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਪਰੰਤੂ ਸਰਕਾਰ ਵੱਲੋਂ ਕੂੜ ਪ੍ਰਚਾਰ ਕਰਨ ਵਾਲੇ ਵੱਖ-ਵੱਖ 108 ਸੋਸ਼ਲ ਮੀਡੀਆ ਖਾਤੇ ਬਲਾਕ ਕਰਵਾਏ ਗਏ ਹਨ, 80 ਦੇ ਕਰੀਬ ਮੁਕੱਦਮੇ ਦਰਜ ਕਰਕੇ 54 ਵਿਅਕਤੀ ਗ੍ਰਿਫ਼ਤਾਰ ਵੀ ਕੀਤੇ ਗਏ। ਜਦੋਂਕਿ ਅਮਰੀਕਾ ਤੋਂ ਚੱਲਣ ਵਾਲੇ ਇੱਕ ਚੈਨਲ ਵਿਰੁੱਧ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਦੀ ਵਜ੍ਹਾ ਕਾਰਨ ਹੀ ਪੰਜਾਬ ਵਿੱਚ ਕੋਵਿਡ ਖ਼ਿਲਾਫ਼ ਚੱਲ ਰਹੀ ਮੁਹਿੰਮ ਪ੍ਰਭਾਵਤ ਹੋਈ ਜਿਸ ਦਾ ਨੁਕਸਾਨ ਆਮ ਲੋਕਾਂ ਨੂੰ ਭੁਗਤਣਾ ਪਿਆ। ਇਨ੍ਹਾਂ ਅਫਵਾਹਾਂ ਅਤੇ ਵਾਇਰਲ ਕੀਤੀਆਂ ਵਾਇਰਲ ਕੀਤੀਆਂ ਆਡੀਓ/ਵੀਡੀਓਜ ਕਰਕੇ ਲੋਕ ਟੈਸਟਿੰਗ ਕਰਵਾਉਣ ਅਤੇ ਹਸਪਤਾਲਾਂ ‘ਚ ਜਾਣ ਤੋਂ ਡਰਨ ਲੱਗੇ, ਜਿਸ ਕਰਕੇ ਲੋਕ ਹਸਪਤਾਲਾਂ ‘ਚ ਬਹੁਤ ਗੰਭੀਰ ਹੋ ਕੇ ਅਤੇ ਦੇਰੀ ਨਾਲ ਇਲਾਜ ਲਈ ਆਏ ਸਿੱਟੇ ਵਜੋਂ ਮੌਤ ਦਰ ‘ਚ ਵੀ ਵਾਧਾ ਹੋਣਾ ਸੁਭਾਵਕ ਸੀ। ਉਨ੍ਹਾਂ ਕਿਹਾ ਕਿ ਟੈਸਟਿੰਗ ਰੋਜ਼ਾਨਾ 45 ਤੋਂ 50 ਹਜ਼ਾਰ ਤੋਂ ਵਧ ਜਾਣੀ ਸੀ ਪਰੰਤੂ ਅਫ਼ਵਾਹਾਂ ਕਰਕੇ ਇਹ ਵੀ ਥੱਲੇ ਆਈ ਪਰੰਤੂ ਹੁਣ ਫੇਰ ਸੈਂਪਲਿੰਗ ਵਧੀ ਹੈ ਅਤੇ ਆਸ ਹੈ ਕਿ ਜਲਦੀ ਹੀ ਰਾਜ ਅੰਦਰ ਕੋਵਿਡ ‘ਤੇ ਕਾਬੂ ਪਾ ਲਿਆ ਜਾਵੇਗਾ।
ਸਿਹਤ ਮੰਤਰੀ ਨੇ ਪਟਿਆਲਾ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸਮੇਤ ਡਾਕਟਰਾਂ, ਪੈਰਾ ਮੈਡੀਕਲ ਅਤੇ ਹੋਰ ਸਬੰਧਤਾਂ ਦੇ ਟੀਮ ਵਰਕ ਨੇ ਚੰਗੇ ਨਤੀਜੇ ਸਾਹਮਣੇ ਲਿਆਂਦੇ ਹਨ ਅਤੇ ਜ਼ਿਲ੍ਹੇ ਅੰਦਰ ਕੋਵਿਡ ਮਰੀਜਾਂ ਦੀ ਗਿਣਤੀ ਤੇ ਮੌਤ ਦਰ ਹੁਣ ਘਟਣ ਵਲ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ‘ਚ ਸ. ਸਿੱਧੂ ਨੇ ਕਿਹਾ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਮਰੀਜਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਸ੍ਰੀ ਓ.ਪੀ. ਸੋਨੀ ਖ਼ੁਦ ਨਿਗਰਾਨੀ ਕਰ ਰਹੇ ਹਨ।
ਇਸ ਮੌਕੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਸਿਹਤ ਮੰਤਰੀ ਸ. ਸਿੱਧੂ ਦਾ ਸਵਾਗਤ ਕਰਦਿਆਂ ਜ਼ਿਲ੍ਹੇ ‘ਚ ਸਿਹਤ ਸੇਵਾਵਾਂ ਅਤੇ ਕੋਵਿਡ-19 ਦੀ ਸਥਿਤੀ ਬਾਰੇ ਚਾਨਣਾ ਪਾਇਆ ਤੇ ਦੱਸਿਆ ਕਿ ਜ਼ਿਲ੍ਹੇ ‘ਚ 1.35 ਲੱਖ ਟੈਸਟਿੰਗ ਹੋ ਚੁੱਕੀ ਹੈ ਜਿਸ ਵਿੱਚੋਂ 1.23 ਲੱਖ ਤੋਂ ਵਧੇਰੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਮਰੀਜਾਂ ਦੇ ਠੀਕ ਹੋਣ ਦੀ ਦਰ 77 ਫੀਸਦੀ ਹੈ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸ਼ੈਲੀ ਜੇਤਲੀ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਐਮ.ਐਸ. ਧਾਲੀਵਾਲ, ਮੈਡੀਕਲ ਸੁਪਰਡੈਂਟ ਡਾ. ਰੇਨੂ ਅਗਰਵਾਲ, ਸਹਾਇਕ ਸਿਹਤ ਅਫ਼ਸਰ ਡਾ. ਸੁਖਮਿੰਦਰ ਸਿੰਘ, ਡਾ. ਸੁਮਿਤ ਸਿੰਘ ਸਮੇਤ ਹਸਪਤਾਲ ਦੇ ਡਾਕਟਰਜ ਅਤੇ ਪੈਰਾ ਮੈਡੀਕਲ ਅਮਲਾ ਵੀ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button