Punjab-Chandigarh

ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ 18 ਮਾਡਲ ਖੇਡ ਗਰਾਊਂਡ ਬਣਾਏ ਜਾਣਗੇ: ਡਾ. ਪ੍ਰੀਤੀ ਯਾਦਵ

ਪਟਿਆਲਾ,(ਪੰਜਾਬ)
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਦੇ ਮਕਸਦ ਨਾਲ ਪਿੰਡਾਂ ‘ਚ ਖੇਡ ਸਟੇਡੀਅਮਾਂ ਦੇ ਨਿਰਮਾਣ ਅਤੇ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੀ ਮਿਸਾਲ ਪਟਿਆਲਾ ਦੇ ਪਿੰਡ ਲੋਹਸਿੰਬਲੀ ‘ਚ ਬਣਿਆਂ ਖੇਡ ਸਟੇਡੀਅਮ ਹੈ, ਜੋ ਪਿੰਡ ਦੇ ਨੌਜਵਾਨਾਂ ਦੀ ਖੇਡਾਂ ‘ਚ ਰੁਚੀ ਵਧਾਉਣ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ ਅਤੇ ਪੰਜਾਬ ਸਮੇਤ ਹਰਿਆਣਾ ਤੋਂ ਵੀ ਖਿਡਾਰੀ ਇਥੇ ਹੋਣ ਵਾਲੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਆਉਂਦੇ ਹਨ।


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡ ਵੱਲ ਉਤਸ਼ਾਹਤ ਕਰਨ ਲਈ ਪਟਿਆਲਾ ਜ਼ਿਲ੍ਹੇ ‘ਚ ਪਿੰਡਾਂ ‘ਚ ਮਨਰੇਗਾ ਤਹਿਤ 18 ਮਾਡਲ ਖੇਡ ਗਰਾਊਂਡ ਬਣਾਏ ਜਾਣਗੇ ਅਤੇ ਤਿੰਨ ਮਾਡਲ ਖੇਡ ਗਰਾਊਂਡਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਜਿਥੇ ਨੌਜਵਾਨਾਂ ‘ਚ ਖੇਡਾਂ ਪ੍ਰਤੀ ਰੁਚੀ ਪੈਦਾ ਹੋਵੇਗੀ, ਉਥੇ ਹੀ ਨੌਜਵਾਨ ਆਪਣਾ ਸਮਾਂ ਖੇਡ ਮੈਦਾਨ ਵਿੱਚ ਗੁਜ਼ਾਰਕੇ ਸਿਹਤ ਪੱਖੋਂ ਵੀ ਹੋਰ ਤੰਦਰੁਸਤ ਹੋ ਸਕਣਗੇ।
ਪਿੰਡ ਲੋਹਸਿੰਬਲੀ ਵਿਖੇ ਬਣੇ ਖੇਡ ਸਟੇਡੀਅਮ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਹਸਿੰਬਲੀ ਵਿਖੇ ਸਟੇਡੀਅਮ ਦੀ ਮੁਰੰਮਤ ਲਈ ਸਰਕਾਰ ਵੱਲੋਂ ਸਮਾਲ ਸਕੀਮ ਤਹਿਤ 15 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਸੀ, ਜਿਸ ਤਹਿਤ ਸਟੇਡੀਅਮ ਦੀ ਇਮਾਰਤ ਦੀ ਮੁਰੰਮਤ ਕਰਕੇ ਸਟੇਜ ਦੇ ਨਾਲ ਦੋ ਕਮਰੇ ਅਤੇ ਇਕ ਹਾਲ ਵੀ ਤਿਆਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਰਸ਼ਕਾਂ ਦੇ ਬੈਠਣ ਲਈ 50-50 ਫੁੱਟ ਦੀਆਂ ਦੋ ਪੌੜੀਆਂ ਦਾ ਨਿਰਮਾਣ ਕਰਨ ਸਮੇਤ ਸਟੇਡੀਅਮ ਦਾ ਆਲੇ-ਦੁਆਲੇ ਨਵੀਂ ਦੀਵਾਰ ਬਣਾਕੇ ਉਪਰ ਫੈਨਸਿੰਗ ਵੀ ਲਗਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ‘ਚ ਜਿਥੇ ਪਿੰਡ ਦੇ ਨੌਜਵਾਨ ਕਸਰਤ ਕਰਦੇ ਹਨ, ਉਥੇ ਹੀ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਵੀ ਮੈਚ ਖੇਡੇ ਜਾਂਦੇ ਹਨ।

Related Articles

Leave a Reply

Your email address will not be published. Required fields are marked *

Back to top button