Punjab-Chandigarh

ਡਿਜੀਟਲ ਤਰੀਕੇ ਨਾਲ ਹੋਵੇਗੀ ਇਸ ਵਾਰ ਦੀ ਜਨਗਣਨਾ : ਡਾ. ਅਭਿਸ਼ੇਕ ਜੈਨ

ਪਟਿਆਲਾ, 25 ਮਾਰਚ:
   ਭਾਰਤ ਸਰਕਾਰ ਵਲੋਂ ਆਗਾਮੀ ਜਨਗਣਨਾ ਦੇ ਮੱਦੇਨਜ਼ਰ ਪੰਜਾਬ ਲਈ ਨਿਯੁਕਤ ਡਾਇਰੈਕਟਰ ਜਨਗਣਨਾ ਓਪਰੇਸ਼ਨਜ਼ ਡਾ. ਅਭਿਸ਼ੇਕ ਜੈਨ ਨੇ ਅੱਜ ਇਥੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਹੋਣ ਵਾਲੀ ਜਨਗਣਨਾ ਸਬੰਧੀ ਤਿਆਰੀਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਇਸ ਵਾਰ ਜਨਗਣਨਾ ਡਿਜੀਟਲ ਰੂਪ ਵਿਚ ਹੋਵੇਗੀ ਜਿਸ ਲਈ ਗਿਣਤੀਕਾਰ ਨੂੰ ਆਪਣੇ ਮੋਬਾਇਲ ਫੋਨ ‘ਤੇ ਵਿਸ਼ੇਸ਼ ਰੂਪ ਵਿਚ ਤਿਆਰ ਕੀਤੀ ਐਪ ਡਾਊਨਲੋਡ ਕਰਨੀ ਹੋਵੇਗੀ।
    ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਤੇ ਸੰਯੁਕਤ ਕਮਿਸ਼ਨਰ ਨਗਰ ਨਿਗਮ ਨਮਨ ਮੜਕਨ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਜਨਗਣਨਾ ਸਬੰਧੀ ਮੀਟਿੰਗ ਕਰਦਿਆਂ ਭਾਰਤ ਸਰਕਾਰ ਦੇ ਜੁਆਇੰਟ ਸਕੱਤਰ ਅਤੇ ਪੰਜਾਬ ਦੇ ਡਾਇਰੈਕਟਰ ਜਨਗਣਨਾ ਡਾ. ਅਭਿਸ਼ੇਕ ਜੈਨ ਨੇ ਨਿਰਦੇਸ਼ ਦਿੱਤੇ ਕਿ ਜਨਗਣਨਾ ਸਬੰਧੀ ਜ਼ਰੂਰੀ ਤਿਆਰੀਆਂ ਸਮੇ ਸਿਰ ਕੀਤੀਆਂ ਜਾਣ ਤਾਂ ਜੋ ਜਨਗਣਨਾ ਦਾ ਕੰਮ ਸ਼ੁਰੂ ਹੋਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਵਲੋਂ ਜਨਗਣਨਾ ਲਈ ਲੋੜੀਂਦੀਆਂ ਵਾਰਡਾਂ, ਮੁਹੱਲਿਆਂ, ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਆਦਿ ਦੀਆਂ ਭੇਜੀਆਂ ਸੂਚੀਆਂ ਸਬੰਧੀ ਸਮੀਖਿਆ ਕਰਦਿਆ ਕਿਹਾ ਕਿ ਹਰ ਖੇਤਰ ਨੂੰ ਜਨਗਣਨਾ ਦੇ ਘੇਰੇ ਵਿਚ ਲਿਆਂਦਾ ਜਾਵੇ।
      ਜਨਮ ਅਤੇ ਮੌਤ ਦੇ ਸਰਟੀਫਿਕੇਟ ਬਨਾਉਣ ਵੇਲੇ ਲਾਜ਼ਮੀ ਨਿਯਮਾਂ ਦੀ ਪਾਲਣਾ ‘ਤੇ ਜ਼ੋਰ ਦਿੰਦਿਆਂ ਡਾ. ਅਭਿਸ਼ੇਕ ਜੈਨ ਨੇ ਕਿਹਾ ਕਿ ਮੌਤ ਦਾ ਸਰਟੀਫਿਕੇਟ ਲੈਣ ਵੇਲੇ ਮੌਤ ਦਾ ਕਾਰਨ ਲਿਖਿਆ ਜਾਣਾ ਬਹੁਤ ਜ਼ਰੂਰੀ ਹੈ ਭਾਵੇਂ ਮੌਤ ਕਿਸੇ ਹਸਪਤਾਲ ਜਾਂ ਫ਼ਿਰ ਘਰ ਵਿਚ ਹੋਈ ਹੋਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਵੀ ਗਠਿਤ ਕੀਤੀ ਜਾਵੇ ਜਿਹੜੀ ਸਮੇਂ-ਸਮੇਂ ਸਿਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਦੀ ਸਮੀਖਿਆ ਕਰੇ।
           ਡਾ. ਜੈਨ ਨੇ ਦੱਸਿਆ ਕਿ ਸਰਕਾਰ ਵਲੋਂ ਜਨਗਣਨਾ ਤੋਂ ਪਹਿਲਾਂ ਜ਼ਮੀਨੀ ਪੱਧਰ ਤੱਕ ਲੋੜੀਂਦੀ ਟਰੇਨਿੰਗ ਦਿੱਤੀ ਜਾਵੇਗੀ ਤਾਂ ਜੋ ਇਸ ਵੱਡੇ ਕਾਰਜ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ। ਉਨ੍ਹਾਂ ਦੱਸਿਆ ਕਿ ਇਸ ਵਾਰ ਹੋਣ ਜਾ ਰਹੀ ਡਿਜੀਟਲ ਜਨਗਣਨਾ ਬਹੁਤ ਆਸਾਨ ਅਤੇ ਤੁਰੰਤ ਡਾਟਾ ਤਬਦੀਲ ਕਰਨ ਵਾਲੀ ਰਹੇਗੀ ਅਤੇ ਜੇਕਰ ਕਿਸੇ ਹਾਲਾਤ ਵਿਚ ਗਿਣਤੀਕਾਰ ਆਦਿ ਨੂੰ ਮੋਬਾਇਲ ਚਲਾਉਣ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਅਜਿਹੇ ਕੇਸਾਂ ਵਿਚ ਹੱਥੀ ਫਾਰਮ ਵੀ ਭਰੇ ਜਾ ਸਕਦੇ ਹਨ। ਡਾ. ਜੈਨ ਨੇ ਦੱਸਿਆ ਕਿ ਗਿਣਤੀਕਾਰਾਂ ਵਲੋਂ ਘਰ-ਘਰ ਜਾ ਕੇ ਜਨਗਣਨਾ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਇਸ ਲਈ ਪਹਿਲਾਂ ਤੋਂ ਤਿਆਰ ਕੀਤੀ ਮੈਪਿੰਗ ਗਿਣਤੀਕਾਰਾਂ ਲਈ ਮਦਦਗਾਰ ਰਹੇਗੀ। ਉਨ੍ਹਾਂ ਦੱਸਿਆ ਕਿ ਜਨਗਣਨਾ ਲਈ ਨਾ ਤਾਂ ਫੰਡਾਂ ਦੀ ਘਾਟ ਆਵੇਗੀ ਅਤੇ ਸਬੰਧਤ ਸਟਾਫ਼ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
           ਉਨ੍ਹਾਂ ਕਿਹਾ ਕਿ ਜਨਗਣਨਾ ਤਹਿਤ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ‘ਤੇ ਹੀ ਨਵੀਂ ਨੀਤੀਆਂ ਅਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਤਾਂ ਜੋ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਦੋ ਚਰਣਾ ‘ਚ ਹੋਣ ਵਾਲੀ ਜਨਗਣਨਾ ‘ਚ ਬੁਨਿਆਂਦੀ ਸਹੂਲਤਾਂ ਤੋਂ ਲੈਕੇ ਵਿਅਕਤੀਆਂ ਦੀ ਗਿਣਤੀ ਤੱਕ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਮ ਸ਼ੁਰੂ ਹੋਣ ਤੋਂ ਬਾਅਦ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ।
  ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਜਨਗਣਨਾ ਇਕ ਬਹੁਤ ਮਹੱਤਵਪੂਰਨ ਕਾਰਜ ਹੈ ਜਿਸ ਨੂੰ ਪੂਰੀ ਤਨਦੇਹੀ ਨਾਲ ਨਿਯਮਾਂ ਅਨੁਸਾਰ ਨੇਪਰੇ ਚਾੜਿਆ ਜਾਵੇਗਾ। ਉਨ੍ਹਾਂ ਨੇ ਡਾਇਰੈਕਟਰ ਜਨਗਣਨਾ ਨੂੰ ਭਰੋਸਾ ਦੁਆਇਆ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਇਸ ਕਾਰਜ ਲਈ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਕੇ ਜਨਗਣਨਾ ਸੁਚੱਜੇ ਢੰਗ ਨਾਲ ਮੁਕੰਮਲ ਕਰਵਾਈ ਜਾਵੇਗੀ।
ਕੈਪਸ਼ਨ : ਡਾਇਰੈਕਟਰ ਜਨਗਣਨਾ ਓਪਰੇਸ਼ਨਜ਼ ਡਾ. ਅਭਿਸ਼ੇਕ ਜੈਨ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।

Spread the love

Leave a Reply

Your email address will not be published. Required fields are marked *

Back to top button