Punjab-Chandigarh

ਚੰਦਰ ਗੈਂਦ ਵੱਲੋਂ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ

ਪਟਿਆਲਾ, (ਪੰਜਾਬ)
ਪਟਿਆਲਾ ਡਵੀਜਨ ਦੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਵਿਰੁੱਧ ਅਰੰਭੇ ਮਿਸ਼ਨ ਫ਼ਤਿਹ ਦੀ ਸਫ਼ਲਤਾ ਲਈ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਜਰੂਰੀ ਇਹਤਿਆਤ ਵਰਤਕੇ ਆਪਣਾ ਸਹਿਯੋਗ ਦੇਣ। ਸ੍ਰੀ ਗੈਂਦ ਨੇ ਕਿਹਾ ਕਿ ਲੋਕ ਕਿਸੇ ਵੀ ਤਰ੍ਹਾਂ ਦੀ ਘਬਰਾਹਟ ‘ਚ ਨਾ ਆਉਣ ਕਿਉਂਕਿ ਪਟਿਆਲਾ ਜ਼ਿਲ੍ਹੇ ‘ਚ ਸਥਿਤੀ ਕੰਟਰੋਲ ਹੇਠ ਕਿਉਂਕਿ ਪੰਜਾਬ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗਾਂ ਵੱਲੋਂ ਕੋਵਿਡ ਦੇ ਇਲਾਜ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।


ਸ੍ਰੀ ਚੰਦਰ ਗੈਂਦ ਅੱਜ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਕੁਮਾਰ ਪਾਂਡਵ ਅਤੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਨੋਦ ਡੰਗਵਾਲ ਨਾਲ ਬੈਠਕ ਕਰ ਰਹੇ ਸਨ। ਇਸ ਮੌਕੇ ਡਾ. ਪਾਂਡਵ ਨੇ ਰਾਜਿੰਦਰਾ ਹਸਪਤਾਲ ‘ਚ ਕੋਵਿਡ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ‘ਚ ਇਸ ਮੌਕੇ 204 ਮਰੀਜ ਦਾਖਲ ਹਨ, ਜਿਨ੍ਹਾਂ ਨੂੰ ਲੈਵਲ-2 ਅਤੇ ਲੈਵਲ-3 ਪ੍ਰੋਟੋਕਾਲ ਤਹਿਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੈਂਟੀਲੇਟਰ ਬੈਡਜ ਦੀ ਸਹੂਲਤ 54 ਤੋਂ ਵਧਾ ਕੇ 66 ਕੀਤੀ ਜਾ ਰਹੀ ਹੈ।
ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਦੇ ਗਾਇਨੀ ਵਾਰਡ ‘ਤੇ ਭਾਰ ਘਟਾਉਣ ਲਈ ਗਰਭਵਤੀ ਕੋਵਿਡ ਮਰੀਜਾਂ ਲਈ ਰਾਜਪੁਰਾ, ਨਾਭਾ ਤੇ ਸਮਾਣਾ ਦੇ ਸਿਵਲ ਹਸਪਤਾਲਾਂ ‘ਚ ਆਈਸੋਲੇਸ਼ਨ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਟੈਸਟਿੰਗ ਦੀ ਗਿਣਤੀ ਵਧਾ ਦਿੱਤੀ ਗਈ ਹੈ।
ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਸਿਹਤ ਵਿਭਾਗ ਅਤੇ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੋਵੇ ਵਿਭਾਗ ਆਪਸੀ ਤਾਲਮੇਲ ਅਤੇ ਸਹਿਯੋਗ ਨਾਲ ਕੋਵਿਡ-19 ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਇਸਦੇ ਇਲਾਜ ਲਈ ਆਪਣੀ ਜਿੰਮੇਵਾਰੀ ਹੋਰ ਵੀ ਤਨਦੇਹੀ ਨਾਲ ਨਿਭਾਉਣ।
ਸ੍ਰੀ ਚੰਦਰ ਗੈਂਦ ਨੇ ਜਿੱਥੇ ਸਿਵਲ ਸਰਜਨ ਤੋਂ ਪਟਿਆਲਾ ਜ਼ਿਲ੍ਹੇ ‘ਚ ਕੋਵਿਡ-19 ਪਾਜਿਟਿਵ ਦੇ ਮਾਮਲੇ ਵਧਣ, ਉਨ੍ਹਾਂ ਦੇ ਸੰਪਰਕ ਲੱਭਣ, ਟੈਸਟਿੰਗ, ਨਿਜੀ ਤੇ ਸਰਕਾਰੀ ਹਸਪਤਾਲਾਂ ‘ਚ ਆਈਸੋਲੇਸ਼ਨ ਤੇ ਇਕਾਂਤਵਾਸ ਸਮੇਤ ਕੰਟੇਨਮੈਂਟ ਜੋਨਾਂ ਬਾਰੇ ਵਿਸਥਾਰ ‘ਚ ਜਾਣਕਾਰੀ ਹਾਸਲ ਕੀਤੀ। ਉਥੇ ਹੀ ਮੈਡੀਕਲ ਸੁਪਰਡੈਂਟ ਤੋਂ ਕੋਵਿਡ ਪੀੜਤਾਂ ਦੇ ਇਲਾਜ ਲਈ ਬੈਡਾਂ ਦੀ ਉਪਲਬੱਧਤਾ ਤੇ ਹੋਰ ਸਹੂਲਤਾਂ ਸਮੇਤ ਡਾਕਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਸ੍ਰੀ ਗੈਂਦ ਨੇ ਕਿਹਾ ਕਿ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਕਿ ਕੋਵਿਡ-19 ਦੇ ਵਧਦੇ ਪ੍ਰਭਾਵ ਤੋਂ ਬਚਾਅ ਲਈ ਮਾਸਕ ਪਾਉਣ ਸਮੇਤ ਆਪਸੀ ਦੂਰੀ ਰੱਖਣੀ ਚਾਹੀਦੀ ਹੈ, ਹੱਥ ਵਾਰ-ਵਾਰ ਧੋਣੇ ਚਾਹੀਦੇ ਹਨ ਅਤੇ ਵੱਡੇ ਇਕੱਠਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਵਾਲੇ ਲੋਕਾਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤੀ ਵਰਤ ਕੇ ਚਲਾਨ ਕੀਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button