Punjab-Chandigarh

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬੇਹਤਰ ਹੋ ਸਕੇ।

ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੁੱਪ ਬੀਮਾ ਸਕੀਮ (ਜੀ ਆਈ ਐਸ) ਦੀ ਅਦਾਇਗੀ ਵਿਚ ਚਾਰ ਗੁਣਾ ਵਾਧਾ ਕਰ ਦਿੱਤਾ ਹੈ। ਇਸ ਬਾਬਤ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਦੇ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਭਵਿੱਖ ਹੋਰ ਬੇਹਤਰ ਹੋ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਿਸੇ ਕਰਮਚਾਰੀ ਦੀ ਸੇਵਾ ਦੌਰਾਨ ਮੌਤ ਹੋ ਜਾਣ ਜਾਂ ਸੇਵਾ ਮੁਕਤੀ ਸਮੇਂ ਉਸਨੂੰ 15 ਹਜ਼ਾਰ ਰੁਪਏ ਤੋਂ 1.20 ਲੱਖ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਸੀ ਜੋ ਕਿ ਹੁਣ 60 ਹਜ਼ਾਰ ਰੁਪਏ ਤੋਂ 4.80 ਲੱਖ ਰੁਪਏ ਕਰ ਦਿੱਤੀ ਗਈ ਹੈ।

ਸਰਕਾਰ ਦਾ ਇਹ ਫੈਸਲਾ 1 ਜਨਵਰੀ 2023 ਤੋਂ ਲਾਗੂ ਹੋਵੇਗਾ। ਵਿਸਥਾਰਤ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਗਰੁੱਪ ਏ ਦੇ ਅਫ਼ਸਰਾਂ ਦੇ ਹਰ ਮਹੀਨੇ 120 ਰੁਪਏ ਜੀ ਆਈ ਐਸ ਦੇ ਰੂਪ ਵਿਚ ਤਨਖਾਹ ਵਿਚੋਂ ਕੱਟੇ ਜਾਂਦੇ ਹਨ ਅਤੇ ਇਸਦੀ ਅਦਾਇਗੀ (ਸੇਵਾ ਮੁਕਤੀ ਜਾਂ ਮੌਤ ਹੋ ਜਾਣ ਦੀ ਸੂਰਤ ਵਿਚ) 1.20 ਲੱਖ ਰੁਪਏ ਕੀਤੀ ਜਾਂਦੀ ਹੈ। 1 ਜਨਵਰੀ 2023 ਤੋਂ ਇਹ ਕਟੌਤੀ 480 ਰੁਪਏ ਪ੍ਰਤੀ ਮਹੀਨਾ ਹੋਵੇਗੀ ਅਤੇ ਅਦਾਇਗੀ 4.80 ਲੱਖ ਰੁਪਏ ਹੋਵੇਗੀ।
ਇਸੇ ਤਰ੍ਹਾਂ ਗਰੁੱਪ ਬੀ ਦੇ ਮੁਲਾਜ਼ਮਾਂ ਦੀ ਇਹ ਦਰ 60 ਰੁਪਏ ਹੈ ਅਤੇ ਅਦਾਇਗੀ 60 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 240 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 2.40 ਲੱਖ ਰੁਪਏ ਕੀਤੀ ਜਾਵੇਗੀ। ਗਰੁੱਪ ਸੀ ਦੇ ਮੁਲਾਜ਼ਮਾਂ ਦੀ ਇਹ ਦਰ 30 ਰੁਪਏ ਹੈ ਅਤੇ ਅਦਾਇਗੀ 30 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 120 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 1.20 ਲੱਖ ਰੁਪਏ ਕੀਤੀ ਜਾਵੇਗੀ।
ਗਰੁੱਪ ਡੀ ਦੇ ਕਰਮਚਾਰੀਆਂ ਲਈ ਇਹ ਦਰ 15 ਰੁਪਏ ਹੈ ਅਤੇ ਅਦਾਇਗੀ 15 ਹਜ਼ਾਰ ਰੁਪਏ ਕੀਤੀ ਜਾਂਦੀ ਹੈ। ਇਸਨੂੰ ਹੁਣ ਵਧਾ ਕੇ 60 ਰੁਪਏ ਪ੍ਰਤੀ ਮਹੀਨਾ ਅਤੇ ਅਦਾਇਗੀ 60 ਹਜ਼ਾਰ ਰੁਪਏ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ 1990 ਤੋਂ ਗਰੁੱਪ ਬੀਮਾ ਸਕੀਮ ਦੀਆਂ ਦਰਾਂ ਨੂੰ ਸੋਧਿਆ ਨਹੀਂ ਗਿਆ ਸੀ ਅਤੇ ਹੁਣ ਪੇ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਹੋ ਜਾਣ ਕਰ ਕੇ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗਰੁੱਪ ਬੀਮਾ ਸਕੀਮ ਦੀ ਕਟੌਤੀ ਅਤੇ ਅਦਾਇਗੀ 1 ਜਨਵਰੀ, 2023 ਤੋਂ ਲਾਗੂ ਹੋਵੇਗੀ।

Spread the love

Leave a Reply

Your email address will not be published. Required fields are marked *

Back to top button