Punjab-Chandigarh

ਕੋਵਿਡ ‘ਚ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਦਸਤਕਾਰੀ ਵਸਤਾਂ ਆਨਲਾਈਨ ਵੇਚਣ ਲਈ ਅਜੀਵਿਕਾ ਪਟਿਆਲਾ ਵੈਬਸਾਇਟ ਤਿਆਰ

 Health 

The Mirror Time | September 9, 2020

ਪਟਿਆਲਾ, (ਪੰਜਾਬ )
ਕੋਵਿਡ ਦੌਰਾਨ ਹਰ ਖੇਤਰ ‘ਚ ਆਨਲਾਈਨ ਕਾਰਜ ਨੂੰ ਤਰਜੀਹ ਦਿੱਤੇ ਜਾਣ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਜ਼ਿਲ੍ਹੇ ਅੰਦਰ 2400 ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾ ਮਹਿਲਾ ਦਸਤਕਾਰਾਂ ਵੱਲੋਂ ਬਣਾਈਆਂ ਵਸਤਾਂ ਨੂੰ ਵੀ ਆਨਲਾਈਨ ਵੇਚਣ ਲਈ ਇੱਕ ਵੱਡਾ ਮੰਚ ਪ੍ਰਦਾਨ ਕੀਤਾ ਹੈ। ਜਿਸ ਲਈ ਆਜੀਵਿਕਾ ਪਟਿਆਲਾ ਵੈਬਸਾਈਟ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਜਿੱਥੇ ਕੋਵਿਡ ਖ਼ਿਲਾਫ਼ ਜੰਗ ਮਿਸ਼ਨ ਫ਼ਤਿਹ ਅਰੰਭ ਕੀਤਾ ਗਿਆ ਹੈ, ਉਥੇ ਹੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਵੀ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਲਈ ਵੱਡਾ ਆਨਲਾਈਨ ਮੰਚ ਪ੍ਰਦਾਨ ਕੀਤਾ ਗਿਆ ਹੈ।


ਪਾਕੀਜ਼ਾ ਪ੍ਰਾਜੈਕਟ, ਜਿਸ ਤਹਿਤ ਮਹਿਲਾਵਾਂ ਤੇ ਸਕੂਲਾਂ-ਕਾਲਜਾਂ ‘ਚ ਪੜ੍ਹਦੀਆਂ ਲੜਕੀਆਂ ਨੂੰ ਉਚ ਕੁਆਲਟੀ ਦੇ ਸੈਨੇਟਰੀ ਨੈਪਕਿਨਜ ਸਸਤੇ ਰੇਟ ‘ਤੇ ਮੁਹੱਈਆ ਕਰਵਾਏ ਜਾਂਦੇ ਹਨ, ਦਾ ਦਫ਼ਤਰ ਪਟਿਆਲਾ ਨੇੜਲੇ ਪਿੰਡ ਰਵਾਸ ਬ੍ਰਾਹਮਣਾ ਵਿਖੇ ਰੂਰਲ ਹਾਟ ਦੀ ਕਰੀਬ 20 ਲੱਖ ਰੁਪਏ ਖ਼ਰਚਕੇ ਨਵੀਂ ਬਣਾਈ ਗਈ ਇਮਾਰਤ ਵਿਖੇ ‘ਚ ਸਥਾਪਤ ਕੀਤਾ ਗਿਆ ਹੈ।
ਇਸ ਪਾਕੀਜ਼ਾ ਪ੍ਰਾਜੈਕਟ ਦੇ ਦਫ਼ਤਰ ਨੂੰ ਮਹਿਲਾਵਾਂ ਲਈ ਸਮਰਪਿਤ ਕਰਨ ਮੌਕੇ ਪੁੱਜੇ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰਵਾਸ ਬ੍ਰਾਹਮਣਾ ਵਿਖੇ ਕਲਸਟਰ ਲੈਵਲ ਫੈਡਰੇਸ਼ਨ ਮਿਲਾਪ ਦੀ ਰੂਰਲ ਹਾਟ ਨੂੰ ਇੱਕ ਨਮੂਨੇ ਦੀ ਇਮਾਰਤ ਵਜੋਂ ਬਣਾਇਆ ਗਿਆ ਹੈ, ਜਿੱਥੇ ਸੋਲਰ ਪਲਾਂਟ, ਬਰਸਾਤੀ ਪਾਣੀ ਸੰਭਾਲਣ ਸਮੇਤ ਗਿੱਲਾ ਕੂੜੇ ਦੇ ਨਿਪਟਾਰੇ ਲਈ ਸੋਕ ਪਿਟ ਵੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਇਮਾਰਤ ਸਵੈ ਸਹਾਇਤਾ ਸਮੂਹਾਂ ਨਾਲ ਜੁੜਕੇ ਉਦਮੀ ਬਣੀਆਂ ਮਹਿਲਾਵਾਂ ਵੱਲੋਂ ਸ਼ੁਰੂ ਕੀਤੇ ਗਏੇ ਦਸਤਕਾਰੀ ਦੇ ਵਪਾਰ ਨੂੰ ਵੱਡਾ ਹੁਲਾਰਾ ਦੇਵੇਗੀ।
ਏ.ਡੀ.ਸੀ. ਨੇ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਉਹ ਕਲਸਟਰ ਲੈਵਲ ਫੈਡਰੇਸ਼ਨ ਨਾਲ ਜੁੜਕੇ ਆਪਣੇ ਵੱਲੋਂ ਬਣਾਈਆਂ ਗਈਆਂ ਵਸਤਾਂ ਨੂੰ ਵੇਚਣ ਲਈ ਨਵੇਂ ਤਿਆਰ ਕੀਤੇ ਗਏ ਆਨਲਾਈਨ ਪਲੈਟਫਾਰਮ ‘ਤੇ ਲਿਆਉਣ ਤਾਂ ਕਿ ਉਨ੍ਹਾਂ ਦੇ ਵਪਾਰ ਨੂੰ ਨਵੀਂ ਦਿਸ਼ਾ ਮਿਲ ਸਕੇ। ਡਾ. ਯਾਦਵ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵੈਬਸਾਈਟ ਅਜੀਵਿਕਾ ਪਟਿਆਲਾ ਡਾਟ ਕਾਮ Aajeevikapatiala.com ਦੀ ਤਰਜ ‘ਤੇ ਪੰਜਾਬ ਸਰਕਾਰ ਪੂਰੇ ਪੰਜਾਬ ‘ਚ ਅਜਿਹੀ ਪ੍ਰਣਾਲੀ ਨੂੰ ਲਾਗੂ ਕਰੇਗੀ।
ਏ.ਡੀ.ਸੀ. ਨੇ ਕਿਹਾ ਕਿ ਕੋਵਿਡ ਦੌਰਾਨ ਜਦੋਂ ਮਹਿਲਾ ਉਦਮੀਆਂ ਦੀਆਂ ਤਿਆਰ ਵਸਤਾਂ ਦੀ ਨੁਮਾਇਸ਼ ਨਾ ਲੱਗਣ ਕਾਰਨ ਜਦੋਂ ਇਨ੍ਹਾਂ ਨੂੰ ਵੇਚਣ ਲਈ ਵੱਡੇ ਆਰਡਰ ਨਹੀਂ ਮਿਲ ਰਹੇ ਸਨ ਤਾਂ ਅਜਿਹੇ ਸਮੇਂ ਇਨ੍ਹਾਂ ਵਸਤਾਂ ਦੀ ਆਨਲਾਈਨ ਵਿਕਰੀ ਕਰਨ ਲਈ ਇੱਕ ਮੰਚ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੈਟਫਾਰਮ ਰਾਹੀਂ ਜ਼ਿਲ੍ਹੇ ਦੇ 2400 ਦੇ ਕਰੀਬ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਮਹਿਲਾ ਉਦਮੀਆਂ ਵੱਲੋਂ ਹੱਥੀਂ ਤਿਆਰ ਵਸਤਾਂ ਦੁਪੱਟੇ, ਸਾੜੀਆਂ, ਸੂਟ, ਫੁਲਕਾਰੀਆਂ, ਕਢਾਈ ਦਾ ਕੰਮ, ਬਾਗ, ਜੂਟ ਦੇ ਬੈਗ, ਪਰਸ, ਮੈਟ, ਚਾਬੀਆਂ ਦੇ ਛੱਲੇ, ਸਬਜ਼ੀਆਂ ਦੇ ਝੋਲੇ, ਪੈਨਸਿਲ ਬਕਸੇ, ਟਿਫਿਨ ਕਵਰ, ਲੈਪਟਾਪ ਬੈਗ, ਫਾਈਲ ਫੋਲਡਰ, ਮੇਕਅਪ ਪਾਊਚ, ਚਾਦਰਾਂ, ਉਨ ਦੀਆਂ ਕੋਟੀਆਂ, ਸਵੈਟਰ, ਘਰੇਲੂ ਸਜਾਵਟੀ ਸਮਾਨ, ਜੁੱਤੀਆਂ, ਰੱਖੜੀਆਂ, ਜੈਵਿਕ ਕੀੜੇਮਾਰ ਸਮੇਤ ਹੋਰ ਅਨੇਕਾਂ ਵਸਤਾਂ ਨੂੰ ਆਨਲਾਈਨ ਵੇਚਿਆ ਜਾਵੇਗਾ।
ਰਵਾਸ ਬ੍ਰਾਹਮਣਾ ਵਿਖੇ ਇਕੱਤਰ ਹੋਈਆਂ ਮਹਿਲਾਵਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਮੌਕੇ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਨਿਰਮਲ ਉਸੀਪਚਨ ਤੇ ਜਗਨੂਰ ਸਿੰਘ ਸਮੇਤ ਜ਼ਿਲ੍ਹਾ ਵਿਕਾਸ ਫੈਲੋ ਅਰੂਸ਼ੀ ਬੇਦੀ, ਜ਼ਿਲ੍ਹਾ ਪ੍ਰਾਜੈਕਟ ਮੈਨੇਜਰ ਰੀਨਾ ਰਾਣੀ ਅਤੇ ਹੋਰ ਮਹਿਲਾ ਉਦਮੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button