Punjab-Chandigarh

ਕੋਵਿਡ ਕੇਸਾਂ ‘ਚ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਵੱਲੋਂ ਸਲਾਹਕਾਰੀ ਜਾਰੀ

ਪਟਿਆਲਾ ਜ਼ਿਲ੍ਹੇ ਵਿੱਚ ਕੋਵਿਡ ਮਾਮਲਿਆਂ ‘ਚ ਵਾਧੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਵਿਡ ਤੋਂ ਬਚਾਅ ਲਈ ਇਹਤਿਹਾਤ ਵਰਤਣ ਸਬੰਧੀਂ ਇੱਕ ਸਲਾਹਕਾਰੀ ਜਾਰੀ ਕੀਤੀ ਹੈ। ਇਸੇ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਮੰਦਿਰ ਸ੍ਰੀ ਕਾਲੀ ਦੇਵੀ ਦੇ ਪ੍ਰਬੰਧਕਾਂ ਤੋਂ ਇਲਾਵਾ ਮੈਰਿਜ ਪੈਲੇਸ ਐਸੋਸੀਏਸ਼ਨ, ਹੋਟਲਾਂ, ਬੈਂਕੁਇਟਸ ਤੇ ਰੈਸਟੋਰੈਂਟ ਮਾਲਕਾਂ ਦੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਸਹਿਯੋਗ ਪ੍ਰਾਪਤ ਕਰਨ ਲਈ ਇੱਕ ਮੀਟਿੰਗ ਕਰਕੇ ਕੋਵਿਡ-19 ਮਹਾਂਮਾਰੀ ਤੋਂ ਬਚਾਅ ਸਬੰਧੀ ਜਰੂਰੀ ਸਾਵਧਾਨੀਆਂ ਵਰਤੇ ਜਾਣ ‘ਤੇ ਜ਼ੋਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪਟਿਆਲਾ ‘ਚ ਜਿੱਥੇ 1 ਮਾਰਚ 2021 ਤੋਂ ਇਨਡੋਰ ਤੇ ਆਊਟਡੋਰ ਸਮਾਜਿਕ ਇਕੱਠਾਂ ਲਈ ਵਿਅਕਤੀਆਂ ਦੀ ਗਿਣਤੀ ਕ੍ਰਮਵਾਰ 100 ਅਤੇ 200 ਤੱਕ ਰੱਖਣੀ ਨਿਰਧਾਰਤ ਕੀਤੀ ਗਈ ਹੈ। ਉਥੇ ਹੀ ਹੁਣ ਜਨਤਕ ਥਾਵਾਂ ਖਾਸ ਕਰਕੇ ਧਾਰਮਿਕ ਅਸਥਾਨਾਂ, ਗੁਰਦੁਆਰਿਆਂ, ਮੰਦਿਰਾਂ ਆਦਿ, ਜਿੱਥੇ ਕਿ ਸ਼ਰਧਾਲੂਆਂ ਦੀ ਗਿਣਤੀ ਜਿਆਦਾ ਹੁੰਦੀ ਹੈ ਤੋਂ ਇਲਾਵਾ ਪਾਰਕਾਂ, ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ, ਬੈਂਕੁਇਟ ਹਾਲਾਂ ਆਦਿ ਵਿਖੇ ਮਾਸਕ ਲਗਾਉਣ, ਸੈਨੈਟਾਈਜ਼ਰ ਅਤੇ ਸਮਾਜਿਕ (ਆਪਸੀ) ਦੂਰੀ ਬਣਾ ਕੇ ਰੱਖਣ ਲਈ ਸਲਾਹਕਾਰੀ ਵੀ ਜਾਰੀ ਕੀਤੀ ਗਈ ਹੈ।
ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਜਾਰੀ ਸਲਾਹਕਾਰੀ ਤਹਿਤ ਜਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਐਪੀਡੈਮਿਕ ਡਿਸੀਜ ਐਕਟ 1897 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਲਾਹਕਾਰੀ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਅਤੇ ਸਮੂਹ ਸਬ ਡਵੀਜਨਲ ਮੈਜਿਸਟ੍ਰੇਟਾਂ ਨੂੰ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੈਨੇਜਰ ਸ. ਕਰਨੈਲ ਸਿੰਘ ਨਾਭਾ ਤੇ ਮੰਦਿਰ ਸ੍ਰੀ ਕਾਲੀ ਦੇਵੀ ਦੇ ਮੈਨੇਜਰ ਸ੍ਰੀ ਸਤਪਾਲ ਨੂੰ ਕਿਹਾ ਕਿ ਉਹ ਇਨ੍ਹਾਂ ਧਾਰਮਿਕ ਅਸਥਾਨਾਂ ‘ਚ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰੇਰਤ ਕਰਨ ਕਿ ਉਹ ਆਪਸੀ ਦੂਰੀ ਅਤੇ ਮਾਸਕ ਲਗਾਉਣ ਦਾ ਖਾਸ ਧਿਆਨ ਰੱਖਣ ਤਾਂ ਕਿ ਕੋਵਿਡ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੇ ਪਹਿਲਾਂ ਵੀ ਪ੍ਰਸ਼ਾਸਨ ਨੂੰ ਬਹੁਤ ਸਹਿਯੋਗ ਦਿੱਤਾ ਹੈ, ਜਿਸ ਲਈ ਉਹ ਪ੍ਰਬੰਧਕ ਕਮੇਟੀਆਂ ਧੰਨਵਾਦੀ ਹਨ ਪਰੰਤੂ ਕੋਵਿਡ ਸਾਵਧਾਨੀਆਂ ਵਰਤੇ ਜਾਣ ਲਈ ਅਜੇ ਹੋਰ ਵੀ ਸਹਿਯੋਗ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਅਜੇ ਖ਼ਤਮ ਨਹੀਂ ਹੋਇਆ ਸਗੋਂ ਲਾਕਡਾਊਨ ਦੀਆਂ ਪਾਬੰਦੀਆਂ ਖਤਮ ਹੋਣ ਤੋਂ ਬਾਅਦ ਲੋਕਾਂ ਦੇ ਘਰੋਂ ਬਾਹਰ ਨਿਕਲਣ ਕਰਕੇ ਕੋਵਿਡ ਕੇਸਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਕੋਵਿਡ ਕਰਕੇ ਮੌਤਾਂ ਹੋਣ ਦਾ ਖ਼ਤਰਾ ਵੀ ਵੱਧ ਰਿਹਾ ਹੈ, ਜਿਸ ਕਰਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਲਈ ਜਰੂਰੀ ਸਾਵਧਾਨੀਆਂ ਲਾਜਮੀ ਵਰਤੀਆਂ ਜਾਣ। ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਟੀਕਾਕਰਣ ਕਰਵਾਉਣ ਲਈ ਵੀ ਅਪੀਲ ਕੀਤੀ।
ਮੀਟਿੰਗ ਮੌਕੇ ਨਗਰ ਨਿਗਮ ਕਮਿਸ਼ਨਰ ਪੂਨਮਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਤੇ ਹੋਟਲ ਐਸੋਸੀਏਸ਼ਨ ਦੀ ਤਰਫ਼ੋਂ ਨਰਿੰਦਰ ਸਿੰਘ ਮੌਜੂਦ ਸਨ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮਾਤਾ ਕੌਸ਼ਲਿਆ ਹਸਪਤਾਲ ਵਿਖੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ ਕੇਅਰ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਤੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨਾਲ ਮੁਲਾਕਾਤ ਕਰਕੇ ਕੋਵਿਡ ਤੋਂ ਬਚਾਅ ਲਈ ਚੱਲ ਰਹੇ ਟੀਕਾਕਰਣ ਦਾ ਜਾਇਜ਼ਾ ਵੀ ਲਿਆ।

Related Articles

Leave a Reply

Your email address will not be published. Required fields are marked *

Back to top button