Punjab-Chandigarh

ਕੈਬਨਿਟ ਮੰਤਰੀ ਧਰਮਸੋਤ ਵੱਲੋਂ ‘ਮਿਸ਼ਨ ਫ਼ਤਿਹ’ ਯੋਧਿਆਂ ਦਾ ਸਨਮਾਨ -ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਿਲਵਰ-ਬ੍ਰੌਂਜ਼ ਸਰਟੀਫਿਕੇਟ ਤੇ ਟੀ ਸ਼ਰਟਾਂ ਤਕਸੀਮ -ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੋਵਿਡ ‘ਤੇ ਜਰੂਰ ਫ਼ਤਿਹ ਹਾਸਲ ਕਰੇਗਾ-ਧਰਮਸੋਤ

 The Mirror Time |August 07, 2020

ਪਟਿਆਲਾ (ਪੰਜਾਬ)
ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਜਿੱਤਣ ਲਈ ਅਰੰਭੇ ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ‘ਚ ਯੋਗਦਾਨ ਪਾਉਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਦਾ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟਸ ਤੇ ਟੀ ਸ਼ਰਟਸ ਨਾਲ ਸਨਮਾਨ ਕੀਤਾ।
ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵੱਲੋਂ ਕੋਵਿਡ ਵਿਰੁੱਧ ਕੀਤੇ ਗਏ ਕੰਮਾਂ ਦੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਸ਼ਲਾਘਾ ਹੋਈ ਹੈ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਦੇ ਮੁੱਖ ਮੰਤਰੀਆਂ ਦੀ ਮੀਟਿੰਗ ‘ਚ ਵੀ ਇਸ ਦੀ ਪ੍ਰਸ਼ੰਸਾ ਕਰਦਿਆਂ ਪੰਜਾਬ ਨੂੰ ਰਾਹ ਦਸੇਰਾ ਦੱਸਿਆ ਸੀ।


ਕੈਬਨਿਟ ਮੰਤਰੀ ਨੇ ਕਿਹਾ ਕਿ ਕੋਵਿਡ ਵਿਰੁੱਧ ਜੰਗ ਅਜੇ ਜਾਰੀ ਹੈ, ਜਿਸ ਨੂੰ ਜਿੱਤਣ ਲਈ ਡਾਕਟਰ, ਪੁਲਿਸ, ਸਫਾਈ ਕਰਮੀ ਅਤੇ ਪ੍ਰਸ਼ਾਸਨਿਕ ਅਧਿਕਾਰੀ 24 ਘੰਟੇ ਅਤੇ ਸੱਤੇ ਦਿਨ ਤਤਪਰ ਹਨ ਪਰੰਤੂ ਲਾਇਲਾਜ ਕੋਵਿਡ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ਸਬੰਧੀਂ ਸ਼ੁਰੂ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਗੋਲਡ ਸਰਟੀਫਿਕੇਟ ਜੇਤੂ, ਐਲਾਨੇ ਜਾ ਚੁੱਕੇ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਸਨਮਾਨਤ ਕੀਤਾ ਜਾਵੇਗਾ, ਜਦੋਂਕਿ ਡਾਇਮੰਡ ਸਰਟੀਫਿਕੇਟਾਂ ਲਈ ਪ੍ਰਤੀਯੋਗਤਾ ਅਜੇ ਚੱਲ ਰਹੀ ਹੈ।
ਸ. ਧਰਮਸੋਤ ਨੇ ਜੇਤੂ ਰਹਿਣ ਵਾਲਿਆਂ ਨੂੰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਨਮਾਨਤ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੰਦਿਆਂ ਕੋਵਿਡ ਨੂੰ ਹਰਾਉਣ ਲਈ ਹੋਰ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਡਵੀਜਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਸ. ਧਰਮਸੋਤ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਕੋਵਿਡ ਨੂੰ ਹਰਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਦੇ 9 ਵਿਅਕਤੀਆਂ ਨੂੰ ਸਿਲਵਰ ਤੇ ਬ੍ਰੌਂਜ ਅਤੇ 16 ਜਣਿਆਂ ਨੂੰ ਬ੍ਰੌਂਜ ਸਰਟੀਫਿਕੇਟਸ ਮਿਲੇ ਸਨ ਜਦੋਂਕਿ ਅੱਜ 7 ਹੋਰ ਵਿਅਕਤੀਆਂ ਨੂੰ ਸਿਲਵਰ ਅਤੇ 15 ਵਿਅਕਤੀਆਂ ਨੂੰ ਬ੍ਰੌਂਜ ਸਰਟੀਫਿਕੇਟ ਵੰਡੇ ਗਏ ਹਨ।
ਸ. ਧਰਮਸੋਤ ਨੇ ਅੱਜ ਪਟਿਆਲਾ ਜ਼ਿਲ੍ਹੇ ਦੇ ਜੇਤੂ ਰਹੇ ਜਿਹੜੇ ਵਿਅਕਤੀਆਂ ਨੂੰ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਤੇ ਟੀ ਸ਼ਰਟਾਂ ਪ੍ਰਦਾਨ ਕੀਤੀਆਂ ਹਨ, ਉਨ੍ਹਾਂ ‘ਚ ਸਿਲਵਰ ਸਰਟੀਫਿਕੇਟ ਵਾਲੇ ਡੀ.ਐਸ.ਪੀ. ਰਜੇਸ਼ ਕੁਮਾਰ ਛਿੱਬਰ, ਗੁਰਬਖ਼ਸ਼ੀਸ਼ ਸਿੰਘ ਅੰਟਾਲ, ਜਗਦੀਪ, ਦਲਜੀਤ ਕੌਰ, ਇੰਸਪੈਕਟਰ ਗੁਰਪ੍ਰਤਾਪ ਸਿੰਘ, ਬ੍ਰੌਂਜ ਸਰਟੀਫਿਕੇਟ ਹਾਸਲ ਕਰਨ ਵਾਲਿਆਂ ‘ਚ ਬੋਲਣ ਤੇ ਸੁਨਣ ਤੋਂ ਅਸਮਰੱਥ ਜਗਦੀਪ ਸਿੰਘ, ਜਸਵਿੰਦਰ ਕੁਮਾਰ, ਹਰਪਾਲ ਸਿੰਘ, ਪਰਮਜੀਤ ਸਿੰਘ, ਦਵਿੰਦਰ ਸਿੰਘ, ਅਮਰਦੀਪ ਸਿੰਘ, ਇਕਬਾਲ ਸਿੰਘ, ਮਨੋਹਰ ਸਿੰਘ, ਰੇਨੂ ਸਿੰਗਲਾ ਤੇ ਨਵਦੀਪ ਸਿੰਘ ਸ਼ਾਮਲ ਸਨ।
ਇਸ ਮੌਕੇ ਏ.ਡੀ.ਸੀ. (ਜ) ਪੂਜਾ ਸਿਆਲ, ਐਸ.ਡੀ.ਐਮ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਜਗਨੂਰ ਸਿੰਘ ਤੇ ਜਸਲੀਨ ਕੌਰ, ਡੀ.ਐਸ.ਪੀ. ਪਰਮਿੰਦਰ ਸਿੰਘ, ਡੀ.ਐਫ.ਓ. ਹਰਭਜਨ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button